ਨਾਭਾ ਰਿਆਸਤ ਲਈ ਅੱਜ ਇਤਿਹਾਸਕ ਦਿਨ ਰਿਹਾ, ਜਦੋਂ ਨਾਭਾ ਦੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਦੀ ਦਸਤਾਰਬੰਦੀ ਦਾ ਸਮਾਰੋਹ ਸ਼ਾਹੀ ਹੀਰਾ ਮਹਿਲ ਵਿਖੇ ਧਾਰਮਿਕ ਰੀਤਾਂ ਨਾਲ ਸੰਪੰਨ ਹੋਇਆ। ਇਸ ਮੌਕੇ ਸ੍ਰੀ ਗੁਰੂ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।
ਦਸਤਾਰਬੰਦੀ ਸਮਾਰੋਹ ਵਿੱਚ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਯੁਵਰਾਜ ਅਭਿਉਦੈਪ੍ਰਤਾਪ ਸਿੰਘ ਨੇ ਕਿਹਾ ਕਿ 124 ਸਾਲਾਂ ਬਾਅਦ ਦੁਬਾਰਾ ਚੌਕੜੇ ਵਿੱਚ ਬੈਠ ਕੇ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਦਸਤਾਰਬੰਦੀ ਹੋਣਾ ਉਨ੍ਹਾਂ ਲਈ ਬਹੁਤ ਹੀ ਸੁਭਾਗਾ ਪਲ ਹੈ। ਉੱਥੇ ਹੀ ਉਨ੍ਹਾਂ ਦੀ ਮਾਤਾ ਰਾਣੀ ਪ੍ਰੀਤੀ ਸਿੰਘ ਨੇ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੀਆਂ ਸਾਰੀਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ।
ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਹੀ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਮਰਾਣੀ ਪ੍ਰੀਤੀ ਸਿੰਘ ਦੀ ਮਿਹਨਤ ਸਦਕਾ ਹੀਰਾ ਮਹਿਲ ਨੂੰ ਪੁਰਾਤਨ ਸ਼ਾਨ ਨਾਲ ਨਵਾਂ ਰੂਪ ਦਿੱਤਾ ਗਿਆ ਹੈ।
ਇਸ ਮੌਕੇ ਮਹਾਰਾਣੀ ਉਮਾ ਸਿੰਘ, ਰਾਣੀ ਪ੍ਰੀਤੀ ਸਿੰਘ ਅਤੇ ਭਾਈ ਆਤਮ ਪ੍ਰਕਾਸ਼ ਸਿੰਘ ਵੀ ਹਾਜ਼ਰ ਰਹੇ।