ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਧਿਰਾਂ, ਮੀਡੀਆ ਅਤੇ ਵਕੀਲਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
ਉਨ੍ਹਾਂ ਕਿਹਾ ਕਿ ਜਾਂਚ ਮੁਕੰਮਲ ਹੋਣ ਤੱਕ ਕਿਸੇ ਵੀ ਧਿਰ ਵੱਲੋਂ ਬਿਆਨਬਾਜ਼ੀ, ਦੂਸ਼ਣਬਾਜ਼ੀ, ਸਿਆਸਤ ਜਾਂ ਮੀਡੀਆ ਟ੍ਰਾਇਲ ਕਰਨਾ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਂਦਾ ਹੈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਾਂ ਕਿਸੇ ਹੋਰ ਧਿਰ ਨੂੰ ਵੀ ਪ੍ਰੈੱਸ ਵਾਰਤਾ ਕਰਨ ਦਾ ਅਧਿਕਾਰ ਨਹੀਂ।
ਜਥੇਦਾਰ ਨੇ ਮੀਡੀਆ ਨੂੰ ਜਾਂਚ ਸੰਬੰਧੀ ਜਾਣਕਾਰੀ ਲੀਕ ਹੋਣ, ਪੁਲਿਸ ਵੱਲੋਂ ਕਾਹਲੀ ਅਤੇ ਸਰਕਾਰ ਵੱਲੋਂ ਤੱਥਾਂ ਰਹਿਤ ਬਿਆਨ ਜਾਰੀ ਕਰਨ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਗੁਰਮਤਿ, ਸਿੱਖ ਮਰਯਾਦਾ ਅਤੇ ਅੰਮ੍ਰਿਤਧਾਰੀ ਸਿੱਖਾਂ ’ਤੇ ਅਧਾਰਿਤ ਹੋਵੇ।
ਉਨ੍ਹਾਂ ਸਾਰੀਆਂ ਧਿਰਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ ਮਾਣ-ਸਤਿਕਾਰ, ਸੰਜਮ ਅਤੇ ਮਰਯਾਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।