ਵਾਸ਼ਿੰਗਟਨ:ਕਾਂਗਰਸ ਵੱਲੋਂ ਨਿਰਧਾਰਤ ਸਮੇਂ ਤੱਕ 2026 ਦੇ ਬਜਟ ਨੂੰ ਮਨਜ਼ੂਰੀ ਨਾ ਮਿਲਣ ਕਾਰਨ ਅਮਰੀਕਾ ਵਿੱਚ ਸ਼ਨੀਵਾਰ ਅੱਧੀ ਰਾਤ ਤੋਂ ਅੰਸ਼ਕ ਸਰਕਾਰੀ ਸ਼ਟਡਾਊਨ ਲਾਗੂ ਹੋ ਗਿਆ। ਇਹ ਸ਼ਟਡਾਊਨ ਉਸ ਸਮੇਂ ਹੋਇਆ ਜਦੋਂ ਡੈਮੋਕ੍ਰੇਟਿਕ ਪਾਰਟੀ ਨੇ ਮਿਨੀਐਪੋਲਿਸ ਵਿੱਚ ਦੋ ਪ੍ਰਦਰਸ਼ਨਕਾਰੀਆਂ ਦੀ ਮੌਤ ਦੇ ਮਾਮਲੇ ‘ਚ ਫੈਡਰਲ ਇਮੀਗ੍ਰੇਸ਼ਨ ਏਜੰਟਾਂ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ (DHS) ਲਈ ਫੰਡਿੰਗ ‘ਤੇ ਚੱਲ ਰਹੀਆਂ ਗੱਲਬਾਤਾਂ ਰੋਕ ਦਿੱਤੀਆਂ।
ਹਾਲਾਂਕਿ, ਇਹ ਵਿਘਨ ਲੰਮਾ ਨਹੀਂ ਖਿੱਚਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਹਾਊਸ ਆਫ ਰਿਪ੍ਰਿਜ਼ੈਂਟੇਟਿਵਜ਼ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਸੇਨੇਟ ਵੱਲੋਂ ਸਮਰਥਿਤ ਸਮਝੌਤੇ ਨੂੰ ਮਨਜ਼ੂਰੀ ਦੇ ਸਕਦਾ ਹੈ।
ਸੇਨੇਟ ਨੇ ਸ਼ੁੱਕਰਵਾਰ ਨੂੰ ਇੱਕ ਫੰਡਿੰਗ ਪੈਕੇਜ ਪਾਸ ਕੀਤਾ ਸੀ, ਜਿਸ ਨਾਲ ਸਤੰਬਰ ਤੱਕ ਕਈ ਫੈਡਰਲ ਏਜੰਸੀਆਂ ਲਈ ਵਿੱਤੀ ਪ੍ਰਬੰਧ ਜਾਰੀ ਰਹੇਗਾ। ਇਸ ਪੈਕੇਜ ਵਿੱਚ DHS ਲਈ ਦੋ ਹਫ਼ਤਿਆਂ ਦੀ ਅਸਥਾਈ ਮਿਆਦ ਵੀ ਸ਼ਾਮਲ ਹੈ, ਤਾਂ ਜੋ ਕਾਨੂੰਨਸਾਜ਼ ਇਮੀਗ੍ਰੇਸ਼ਨ ਲਾਗੂ ਕਰਨ ਨਾਲ ਜੁੜੇ ਮੁੱਦਿਆਂ ‘ਤੇ ਹੋਰ ਚਰਚਾ ਕਰ ਸਕਣ। ਇਸ ਦੇ ਬਾਵਜੂਦ, ਸ਼ਟਡਾਊਨ ਕਾਰਨ ਕਰੀਬ 75 ਫੀਸਦ ਫੈਡਰਲ ਸਰਕਾਰੀ ਕਾਰਵਾਈਆਂ ਪ੍ਰਭਾਵਿਤ ਹੋ ਰਹੀਆਂ ਹਨ, ਜਿਸਦਾ ਅਸਰ ਸਿੱਖਿਆ, ਸਿਹਤ, ਹਾਊਸਿੰਗ ਅਤੇ ਰੱਖਿਆ ਵਰਗੇ ਖੇਤਰਾਂ ‘ਤੇ ਪੈ ਸਕਦਾ ਹੈ।
ਇਸ ਦੌਰਾਨ ਸੇਨੇਟ ਦੇ ਡੈਮੋਕ੍ਰੇਟਿਕ ਮਾਇਨੋਰਿਟੀ ਵਿਪ ਡਿਕ ਡਰਬਿਨ ਨੇ ਟਰੰਪ ਪ੍ਰਸ਼ਾਸਨ ਦੀਆਂ ਤਰਜੀਹਾਂ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ, “ਨਸ਼ਾ ਤਸਕਰਾਂ, ਬੱਚਿਆਂ ਨਾਲ ਅਪਰਾਧ ਕਰਨ ਵਾਲਿਆਂ ਅਤੇ ਮਨੁੱਖੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਟਰੰਪ ਪ੍ਰਸ਼ਾਸਨ ਸ਼ਿਕਾਗੋ ਅਤੇ ਮਿਨੀਐਪੋਲਿਸ ਵਿੱਚ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ‘ਚ ਕੀਮਤੀ ਸਰੋਤ ਬਰਬਾਦ ਕਰ ਰਿਹਾ ਹੈ।” ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਹ ਪ੍ਰਸ਼ਾਸਨ ਅਮਰੀਕੀ ਨਾਗਰਿਕਾਂ ਨੂੰ ਹੋਰ ਅਸੁਰੱਖਿਅਤ ਬਣਾ ਰਿਹਾ ਹੈ।
ਸ਼ਟਡਾਊਨ ਲਾਗੂ ਹੋਣ ਨਾਲ ਕਈ ਫੈਡਰਲ ਵਿਭਾਗਾਂ ਨੇ ਰਾਤੋਂ-ਰਾਤ ਆਪਣੀਆਂ ਸ਼ਟਡਾਊਨ ਪ੍ਰਕਿਰਿਆਵਾਂ ਸ਼ੁਰੂ ਕਰ ਦਿੱਤੀਆਂ ਹਨ। ਜੇਕਰ ਇਹ ਸਥਿਤੀ ਕੁਝ ਦਿਨਾਂ ਤੋਂ ਵੱਧ ਚੱਲਦੀ ਹੈ ਤਾਂ ਕਈ ਸਰਕਾਰੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਛੁੱਟੀ ‘ਤੇ ਜਾਣਾ ਪੈ ਸਕਦਾ ਹੈ ਜਾਂ ਫੰਡ ਮੁੜ ਬਹਾਲ ਹੋਣ ਤੱਕ ਬਿਨਾਂ ਵੇਤਨ ਕੰਮ ਕਰਨਾ ਪੈ ਸਕਦਾ ਹੈ।
ਹਾਲਾਂਕਿ, ਰਿਪਬਲਿਕਨ ਅਤੇ ਡੈਮੋਕ੍ਰੇਟਿਕ ਦੋਵੇਂ ਪੱਖਾਂ ਦੇ ਨੇਤਾਵਾਂ ਦਾ ਮੰਨਣਾ ਹੈ ਕਿ ਇਹ ਸ਼ਟਡਾਊਨ ਛੋਟੇ ਸਮੇਂ ਲਈ ਹੀ ਰਹੇਗਾ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੇਨੇਟ ਦੇ ਸਮਝੌਤੇ ਦਾ ਸਮਰਥਨ ਕਰਦਿਆਂ ਹਾਊਸ ਤੋਂ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ। ਉਹ ਪਿਛਲੇ ਸਾਲ ਹੋਏ ਲੰਮੇ ਸ਼ਟਡਾਊਨ ਵਰਗੀ ਸਥਿਤੀ ਤੋਂ ਬਚਣਾ ਚਾਹੁੰਦੇ ਹਨ, ਜਿਸ ਕਾਰਨ ਮਹੀਨੇ ਤੋਂ ਵੱਧ ਸਮੇਂ ਲਈ ਸਰਕਾਰੀ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ।
ਹਾਊਸ ਆਫ ਰਿਪ੍ਰਿਜ਼ੈਂਟੇਟਿਵਜ਼, ਜੋ ਇਸ ਵੇਲੇ ਸੋਮਵਾਰ ਤੱਕ ਅਜਰਨਡ ਹੈ, ਦੇ ਮੁੜ ਬੈਠਕ ‘ਚ ਆਉਂਦੇ ਹੀ ਇਸ ਫੰਡਿੰਗ ਪੈਕੇਜ ‘ਤੇ ਵੋਟਿੰਗ ਕਰਨ ਦੀ ਉਮੀਦ ਹੈ। ਜੇਕਰ ਇਹ ਪੈਕੇਜ ਮਨਜ਼ੂਰ ਹੋ ਜਾਂਦਾ ਹੈ ਤਾਂ ਕੁਝ ਹੀ ਦਿਨਾਂ ਵਿੱਚ ਫੰਡਿੰਗ ਬਹਾਲ ਹੋ ਸਕਦੀ ਹੈ ਅਤੇ ਸ਼ਟਡਾਊਨ ਦੇ ਪ੍ਰਭਾਵ ਸੀਮਿਤ ਰਹਿਣਗੇ।