ਲੁਧਿਆਣਾ ਵਿੱਚ ਸਿੱਖ ਨੌਜਵਾਨ ਟੈਕਸੀ ਚਾਲਕ ਸ. ਰਣਜੋਤ ਸਿੰਘ ਨਾਲ ਪੁਲਿਸ ਚੌਂਕੀ ਵਿੱਚ ਕੁੱਟਮਾਰ ਦੇ ਮਾਮਲੇ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸਖ਼ਤ ਨੋਟਿਸ ਮਗਰੋਂ ਕਾਰਵਾਈ ਹੋਈ ਹੈ। ਡੀਵੀਜ਼ਨ-8 ਥਾਣੇ ਵਿੱਚ ਦੋ ਵੱਖ-ਵੱਖ ਪਰਚੇ ਦਰਜ ਕੀਤੇ ਗਏ ਹਨ—ਇੱਕ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਅਤੇ ਦੂਜਾ ਨੌਜਵਾਨ ਨਾਲ ਦੁਰਵਿਵਹਾਰ ਤੇ ਸਿੱਖ ਧਰਮ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼।
ਘਟਨਾ 26 ਜਨਵਰੀ ਦੀ ਹੈ, ਜਦੋਂ ਟ੍ਰੈਫਿਕ ਝਗੜੇ ਤੋਂ ਬਾਅਦ ਕੁਝ ਵਿਅਕਤੀਆਂ ਨੇ ਰਣਜੋਤ ਸਿੰਘ ਨਾਲ ਦੁਰਵਿਵਹਾਰ ਕੀਤਾ ਅਤੇ ਧਾਰਮਿਕ ਅਪਮਾਨ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਪੁਲਿਸ ਵੱਲੋਂ ਚੌਂਕੀ ਲੈ ਜਾ ਕੇ ਕੁੱਟਮਾਰ ਦੇ ਦੋਸ਼ ਲਗੇ। ਵੀਡੀਓ ਸਾਹਮਣੇ ਆਉਣ ਅਤੇ ਪਰਿਵਾਰਕ ਰੋਸ ਮਗਰੋਂ ਜਥੇਦਾਰ ਸਾਹਿਬ ਨੇ ਪੁਲਿਸ ਕਮਿਸ਼ਨਰ ਨਾਲ ਗੱਲ ਕਰਕੇ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ। ਅਕਾਲ ਤਖ਼ਤ ਨੇ ਸਪਸ਼ਟ ਕੀਤਾ ਕਿ ਸਿੱਖ ਨੌਜਵਾਨਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਲਾਜ਼ਮੀ ਹੈ।