ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਚੇਅਰਮੈਨ ਤਾਰੀਕ ਰਹਮਾਨ ਨੇ 12 ਫ਼ਰਵਰੀ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਆਪਣੀ ਪਾਰਟੀ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਸਿਲਹਟ ਦੇ ਆਲੀਆ ਮਦਰਸਾ ਮੈਦਾਨ ਵਿੱਚ ਇਕ ਵੱਡੀ ਰੈਲੀ ਨਾਲ ਕੀਤੀ। ਇਹ ਰੈਲੀ ਢਾਕਾ ਤੋਂ ਲਗਭਗ 242 ਕਿਲੋਮੀਟਰ ਦੂਰ ਹੋਈ। ਤਾਰੀਕ ਰਹਮਾਨ, ਜੋ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਹਨ, ਨੂੰ ਪ੍ਰਧਾਨ ਮੰਤਰੀ ਦੇ ਮੁੱਖ ਦਾਵੇਦਾਰਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ।
17 ਸਾਲ ਯੂਨਾਈਟਡ ਕਿੰਗਡਮ ਵਿੱਚ ਜਲਾਵਤਨੀ ਕੱਟਣ ਤੋਂ ਬਾਅਦ ਤਾਰੀਕ ਰਹਮਾਨ ਪਿਛਲੇ ਮਹੀਨੇ ਬੰਗਲਾਦੇਸ਼ ਵਾਪਸ ਆਏ ਸਨ। ਇਹ ਉਨ੍ਹਾਂ ਦੀ ਢਾਕਾ ਤੋਂ ਬਾਹਰ ਪਹਿਲੀ ਯਾਤਰਾ ਸੀ। ਰੈਲੀ ਦੌਰਾਨ ਉਨ੍ਹਾਂ ਨੇ ਬੇਰੁਜ਼ਗਾਰੀ, ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਚਰਚਿਤ ‘ਫੈਮਿਲੀ ਕਾਰਡ’ ਮੁੱਦੇ ‘ਤੇ ਗੱਲ ਕੀਤੀ।
ਵਿਦੇਸ਼ ਨੀਤੀ ‘ਤੇ ਬੋਲਦੇ ਹੋਏ, ਉਨ੍ਹਾਂ ਨੇ ਬਿਨਾਂ ਨਾਮ ਲਏ ਭਾਰਤ ਵੱਲ ਇਸ਼ਾਰਾ ਕਰਦਿਆਂ ਹਟਾਏ ਗਏ ਪ੍ਰਧਾਨ ਮੰਤਰੀ ਸ਼ੇਖ ਹਸੀਨਾ ‘ਤੇ “ਹੋਰ ਦੇਸ਼ਾਂ ਅੱਗੇ ਝੁਕਣ” ਦਾ ਦੋਸ਼ ਲਗਾਇਆ। ਉਨ੍ਹਾਂ ਨੇ ਆਪਣਾ ਨਾਅਰਾ ਦੁਹਰਾਇਆ—
“ਨਾ ਦਿੱਲੀ, ਨਾ ਪਿੰਡੀ, ਸਭ ਤੋਂ ਪਹਿਲਾਂ ਬੰਗਲਾਦੇਸ਼।”
ਤਾਰੀਕ ਰਹਮਾਨ ਨੇ ਜਮਾਤ-ਏ-ਇਸਲਾਮੀ ‘ਤੇ ਵੀ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ 1971 ਵਿੱਚ ਜਮਾਤ ਨੇ ਪਾਕਿਸਤਾਨ ਦਾ ਸਾਥ ਦਿੱਤਾ ਸੀ ਅਤੇ ਅੱਜ ਵੀ ਉਹ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਿਲਹਟ ਤੋਂ ਬਾਅਦ ਤਾਰੀਕ ਰਹਮਾਨ ਮੌਲਵੀਬਾਜ਼ਾਰ, ਹਬੀਗੰਜ, ਬ੍ਰਾਹਮਣਬਾਰੀਆ, ਕਿਸ਼ੋਰਗੰਜ, ਨਰਸਿੰਗਦੀ ਅਤੇ ਨਾਰਾਇਣਗੰਜ ਦੇ ਅਰਾਈਹਾਜ਼ਾਰ ਵਿੱਚ ਲਗਾਤਾਰ ਸੱਤ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।
ਦੋ ਸਾਲਾਂ ਬਾਅਦ ਬੰਗਲਾਦੇਸ਼ ਵਿੱਚ ਚੋਣਾਂ ਹੋ ਰਹੀਆਂ ਹਨ। 2024 ਦੀਆਂ ਚੋਣਾਂ ਜਿੱਤਣ ਵਾਲੀ ਸ਼ੇਖ ਹਸੀਨਾ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਮੁਹੰਮਦ ਯੂਨੁਸ ਦੀ ਅਗਵਾਈ ਹੇਠ ਅੰਤਰਿਮ ਸਰਕਾਰ ਦੇਸ਼ ਚਲਾ ਰਹੀ ਹੈ। ਚੋਣਾਂ ਪੂਰੀਆਂ ਹੋਣ ਤੋਂ ਬਾਅਦ ਦੇਸ਼ ਨੂੰ ਮੁੜ ਚੁਣੀ ਹੋਈ ਸਰਕਾਰ ਮਿਲੇਗੀ।
ਇਸਦੇ ਨਾਲ ਹੀ ਜਮਾਤ-ਏ-ਇਸਲਾਮੀ ਬੰਗਲਾਦੇਸ਼ ਨੇ ਵੀ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਲਈ ਢਾਕਾ ਦੇ ਮਿਰਪੁਰ ਖੇਤਰ ਵਿੱਚ ਰੈਲੀ ਦਾ ਆਯੋਜਨ ਕੀਤਾ ਹੈ, ਜਿੱਥੇ ਜਮਾਤ ਮੁਖੀ ਸ਼ਫ਼ੀਕੁਰ ਰਹਮਾਨ ਅਤੇ 10 ਪਾਰਟੀ ਗਠਜੋੜ ਦੇ ਨੇਤਾ ਭਾਸ਼ਣ ਦੇਣਗੇ।
ਚੋਣਾਂ ਦੇ ਨਾਲ-ਨਾਲ ‘ਰਾਸ਼ਟਰੀ ਚਾਰਟਰ’ ‘ਤੇ ਰੈਫਰੈਂਡਮ ਵੀ ਹੋਵੇਗਾ। ਇਹ ਚਾਰਟਰ ਜੁਲਾਈ 2024 ਦੇ ਆੰਦੋਲਨ ਤੋਂ ਬਾਅਦ ਤਿਆਰ ਕੀਤਾ ਗਿਆ ਸੀ ਅਤੇ ਇਸਨੂੰ ਹੁਣ ਤੱਕ 52 ਵਿੱਚੋਂ 25 ਪਾਰਟੀਆਂ ਨੇ ਸਹਿਮਤੀ ਦਿੱਤੀ ਹੈ। ਅੰਤਰਿਮ ਸਰਕਾਰ ਚਾਹੁੰਦੀ ਹੈ ਕਿ ਰੈਫਰੈਂਡਮ ਰਾਹੀਂ ਇਸਨੂੰ ਕਾਨੂੰਨੀ ਅਤੇ ਸੰਵਿਧਾਨਕ ਦਰਜਾ ਮਿਲੇ, ਤਾਂ ਜੋ ਸੱਤਾ ਦੇ ਕੇਂਦਰੀਕਰਨ ਨੂੰ ਰੋਕਿਆ ਜਾ ਸਕੇ ਅਤੇ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਤੇ ਹਿਤਾਂ ਦੇ ਟਕਰਾਅ ‘ਤੇ ਲਗਾਮ ਲਗਾਈ ਜਾ ਸਕੇ।