ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਅਮਰੀਕਾ ਨਾਲ ਪਰਮਾਣੂ ਸਮਝੌਤਾ ਨਾ ਕੀਤਾ ਤਾਂ ਉਸਨੂੰ ਪਿਛਲੇ ਸਾਲ ਹੋਏ ਹਮਲਿਆਂ ਤੋਂ ਵੀ ਭਿਆਨਕ ਫੌਜੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਟਰੰਪ ਨੇ ਕਿਹਾ ਕਿ USS ਐਬ੍ਰਾਹਮ ਲਿੰਕਨ ਦੀ ਅਗਵਾਈ ਹੇਠ ਅਮਰੀਕੀ ਫੌਜੀ ਬੇੜਾ ਖੇਤਰ ਵਿੱਚ ਤਿਆਰ ਖੜ੍ਹਾ ਹੈ।
ਇਰਾਨ ਨੇ ਕਿਹਾ ਕਿ ਉਹ ਆਪਸੀ ਆਦਰ ਅਤੇ ਹਿਤਾਂ ਦੇ ਆਧਾਰ ‘ਤੇ ਗੱਲਬਾਤ ਲਈ ਤਿਆਰ ਹੈ, ਪਰ ਨਾਲ ਹੀ ਚੇਤਾਵਨੀ ਦਿੱਤੀ ਕਿ ਜੇ ਦਬਾਅ ਬਣਾਇਆ ਗਿਆ ਤਾਂ ਉਹ ਆਪਣਾ ਬਚਾਅ “ਪਹਿਲਾਂ ਤੋਂ ਵੀ ਕੜੇ ਤਰੀਕੇ ਨਾਲ” ਕਰੇਗਾ। ਇਸ ਦੇ ਨਾਲ ਹੀ ਇਰਾਨ ਨੇ ਕਤਰ, ਮਿਸਰ, ਤੁਰਕੀ ਅਤੇ ਹੋਰ ਖੇਤਰੀ ਦੇਸ਼ਾਂ ਨਾਲ ਕੂਟਨੀਤਿਕ ਸੰਪਰਕ ਤੇਜ਼ ਕਰ ਦਿੱਤੇ ਹਨ।
ਸੰਯੁਕਤ ਰਾਸ਼ਟਰ ਦੇ ਪਰਮਾਣੂ ਨਿਗਰਾਨ ਮੁਖੀ ਰਾਫ਼ੇਲ ਗਰੋਸੀ ਮੁਤਾਬਕ, ਇਰਾਨ ਕੋਲ ਹਾਲੇ ਵੀ ਉੱਚ ਦਰਜੇ ਦਾ ਸੰਮ੍ਰਿਧ ਯੂਰੇਨਿਅਮ ਮੌਜੂਦ ਹੈ। ਟਰੰਪ ਨੇ ਇਸ ਵਾਰ ਯੂਰੇਨਿਅਮ ਸੰਮ੍ਰਿਧੀ ਜਾਂ ਮਿਸ਼ਾਈਲ ਕਾਰਜਕ੍ਰਮ ਖ਼ਤਮ ਕਰਨ ਦੀ ਸਪਸ਼ਟ ਮੰਗ ਨਹੀਂ ਕੀਤੀ।
ਇਸ ਤਣਾਅ ਕਾਰਨ ਤੇਲ ਦੀਆਂ ਕੀਮਤਾਂ ਚਾਰ ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ, ਜਿੱਥੇ ਬ੍ਰੈਂਟ ਕੱਚਾ ਤੇਲ ਲਗਭਗ 68 ਡਾਲਰ ਪ੍ਰਤੀ ਬੈਰਲ ਤੱਕ ਚੜ੍ਹ ਗਿਆ। ਇਸ ਦਰਮਿਆਨ, ਇਰਾਨ ਦੀ ਮੁਦਰਾ ਰਿਆਲ ਰਿਕਾਰਡ ਹੱਦ ਤੱਕ ਡਿੱਗ ਗਈ ਹੈ, ਜਿਸ ਨਾਲ ਦੇਸ਼ ਵਿੱਚ ਵਿਆਪਕ ਪ੍ਰਦਰਸ਼ਨ ਹੋ ਰਹੇ ਹਨ।