ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ 21 ਜਨਵਰੀ ਦੀ ਦੇਰ ਸ਼ਾਮ ਸੋਨੇ ਦੀ ਦੁਕਾਨ ‘ਤੇ ਹੋਈ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਮ੍ਰਿਤਸਰ ਪੁਲਿਸ ਨੇ ਸਿਰਫ਼ ਤਿੰਨ ਦਿਨਾਂ ਦੇ ਅੰਦਰ ਹੱਲ ਕਰ ਲਿਆ ਹੈ। ਇਸ ਸਬੰਧੀ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਰਾਕੇਸ਼ ਕੁਮਾਰ, ਜੋ ਕਿ ਸੁਨਿਆਰੇ ਦਾ ਕੰਮ ਕਰਦਾ ਹੈ, ਦੀ ਦੁਕਾਨ ‘ਤੇ ਚਾਰ ਅਣਪਛਾਤੇ ਵਿਅਕਤੀ ਆਏ ਅਤੇ ਢਲਾਈ ਲਈ ਰੱਖਿਆ ਸੋਨਾ ਲੁੱਟ ਕੇ ਫ਼ਰਾਰ ਹੋ ਗਏ।
ਸੂਚਨਾ ਮਿਲਦੇ ਹੀ ਮਾਣਯੋਗ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੁਰੰਤ ਕਾਰਵਾਈ ਕੀਤੀ ਗਈ। ਏਡੀਸੀਪੀ ਜਸਰੂਪ ਕੌਰ, ਏਸੀਪੀ ਅਨੁਭਵ ਜੈਨ, ਐਸਐਚਓ ਬਲਜਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਦੀ ਅਗਵਾਈ ਵਿੱਚ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਕਿਉਂਕਿ ਇਹ ਮਾਮਲਾ ਪੂਰੀ ਤਰ੍ਹਾਂ ਬਲਾਇੰਡ ਕੇਸ ਸੀ, ਇਸ ਲਈ ਪੁਲਿਸ ਨੇ ਹਿਊਮਨ ਇੰਟੈਲੀਜੈਂਸ ਅਤੇ ਟੈਕਨੀਕਲ ਸਰਵੇਲਾਂਸ ਦੀ ਮਦਦ ਨਾਲ ਜਾਂਚ ਅੱਗੇ ਵਧਾਈ।
ਏਡੀਸੀਪੀ ਵਾਲੀਆ ਨੇ ਦੱਸਿਆ ਕਿ ਜਾਂਚ ਦੌਰਾਨ ਹੁਣ ਤੱਕ 6 ਮੁਲਜ਼ਮਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ, ਜਿਨ੍ਹਾਂ ਵਿੱਚੋਂ ਤਿੰਨ ਮੁਲਜ਼ਮ—ਭੁਪਿੰਦਰ ਸਿੰਘ, ਜਸ਼ਨਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ—ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ 152 ਗ੍ਰਾਮ ਸੋਨਾ ਅਤੇ 4 ਲੱਖ ਰੁਪਏ ਨਕਦ ਬਰਾਮਦ ਕੀਤੇ ਗਏ ਹਨ। ਡਕੈਤੀ ਦੌਰਾਨ ਕੁੱਲ ਕਰੀਬ 290 ਗ੍ਰਾਮ ਸੋਨਾ ਲੁੱਟਿਆ ਗਿਆ ਸੀ, ਜਿਸ ਵਿੱਚ ਸ਼ੁੱਧ ਅਤੇ ਮਿਲਾਵਟੀ ਦੋਵੇਂ ਕਿਸਮਾਂ ਦਾ ਸੋਨਾ ਸ਼ਾਮਲ ਸੀ।
ਉਨ੍ਹਾਂ ਨੇ ਕਿਹਾ ਕਿ ਬਾਕੀ ਤਿੰਨ ਮੁਲਜ਼ਮ, ਜੋ ਵਾਰਦਾਤ ਵੇਲੇ ਦੁਕਾਨ ਅੰਦਰ ਗਏ ਸਨ, ਜਲਦ ਹੀ ਗ੍ਰਿਫ਼ਤਾਰ ਕਰ ਲਏ ਜਾਣਗੇ। ਜਾਂਚ ਦੌਰਾਨ ਇੱਕ ਨੌਜਵਾਨ ਰਾਜਦੀਪ ਸਿੰਘ ਨੂੰ ਇਸ ਲੁੱਟ ਦਾ ਮਾਸਟਰਮਾਈਂਡ ਮੰਨ ਕੇ ਸ਼ੱਕ ਦੇ ਘੇਰੇ ‘ਚ ਰੱਖਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਦਿਨ-ਰਾਤ ਦੀ ਮਿਹਨਤ ਨਾਲ ਇਹ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਈ ਰੱਖਣ ਲਈ ਪੈਟਰੋਲਿੰਗ, ਨਾਕਾਬੰਦੀ ਅਤੇ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕਰ ਦਿੱਤੇ ਗਏ ਹਨ।