ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਚੀਨ ਨਾਲ ਵਪਾਰ ਸਮਝੌਤਾ ਕਰਨ ’ਤੇ ਸਖ਼ਤ ਚੇਤਾਵਨੀ ਦਿੱਤੀ ਹੈ। ਟਰੂਥ ਸੋਸ਼ਲ ’ਤੇ ਪੋਸਟ ਕਰਦੇ ਹੋਏ ਟਰੰਪ ਨੇ ਕਿਹਾ ਕਿ ਜੇ ਕੈਨੇਡਾ ਚੀਨ ਲਈ ਅਮਰੀਕਾ ਵਿੱਚ ਸਮਾਨ ਭੇਜਣ ਦਾ “ਡ੍ਰਾਪ ਆਫ਼ ਪੋਰਟ” ਬਣਿਆ, ਤਾਂ ਅਮਰੀਕਾ ਕੈਨੇਡਾ ਤੋਂ ਆਉਣ ਵਾਲੇ ਸਾਰੇ ਸਮਾਨ ’ਤੇ 100 ਫੀਸਦੀ ਟੈਰਿਫ਼ ਲਗਾ ਦੇਵੇਗਾ।
ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੀਨ ਕੈਨੇਡਾ ਦੀ ਅਰਥਵਿਵਸਥਾ, ਕਾਰੋਬਾਰ ਅਤੇ ਸਮਾਜਕ ਢਾਂਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਦੂਜੇ ਪਾਸੇ, ਕੈਨੇਡਾ ਨੇ ਅਮਰੀਕਾ ’ਤੇ ਨਿਰਭਰਤਾ ਘਟਾਉਣ ਲਈ ਚੀਨ ਨਾਲ ਇੱਕ “ਲੈਂਡਮਾਰਕ” ਵਪਾਰ ਸਮਝੌਤਾ ਕੀਤਾ ਹੈ। ਕਾਰਨੀ ਨੇ ਦੱਸਿਆ ਕਿ ਇਸ ਸਮਝੌਤੇ ਹੇਠ ਚੀਨ ਕੈਨੇਡੀਅਨ ਕੈਨੋਲਾ ਉਤਪਾਦਾਂ ’ਤੇ ਟੈਰਿਫ਼ ਘਟਾ ਕੇ ਲਗਭਗ 15 ਫੀਸਦੀ ਕਰੇਗਾ। ਨਾਲ ਹੀ, ਚੀਨ ਕੈਨੇਡੀਅਨ ਨਾਗਰਿਕਾਂ ਲਈ ਵੀਜ਼ਾ-ਮੁਕਤ ਦਾਖਲਾ ਵੀ ਦੇਵੇਗਾ।
ਇਸ ਦੇ ਬਦਲੇ ਕੈਨੇਡਾ ਚੀਨ ਤੋਂ 49,000 ਇਲੈਕਟ੍ਰਿਕ ਵਾਹਨ (EV) ਘੱਟ ਟੈਰਿਫ਼ ’ਤੇ ਆਯਾਤ ਕਰੇਗਾ।