ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇੱਕ ਹੋਰ ਅਮਰੀਕੀ “ਆਰਮਾਡਾ” ਇਰਾਨ ਵੱਲ ਵਧ ਰਹੀ ਹੈ। ਨਾਲ ਹੀ ਉਨ੍ਹਾਂ ਨੇ ਆਸ ਜਤਾਈ ਕਿ ਤੇਹਰਾਨ ਵਾਸ਼ਿੰਗਟਨ ਨਾਲ ਸਮਝੌਤਾ ਕਰਨ ਲਈ ਤਿਆਰ ਹੋ ਜਾਵੇਗਾ। ਇਸ ਬਿਆਨ ਨਾਲ ਮੱਧ ਪੂਰਬ ਵਿੱਚ ਪਹਿਲਾਂ ਹੀ ਤਣਾਅਪੂਰਨ ਹਾਲਾਤ ਹੋਰ ਗੰਭੀਰ ਹੋ ਗਏ ਹਨ।
ਆਈਓਵਾ ਵਿੱਚ ਇੱਕ ਜਨਤਕ ਸਮਾਗਮ ਦੌਰਾਨ ਟਰੰਪ ਨੇ ਕਿਹਾ ਕਿ ਇਰਾਨ ਵੱਲ ਇੱਕ ਸੁੰਦਰ ਤੇ ਵੱਡੀ ਆਰਮਾਡਾ ਤੈਰ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਰਾਨ ਕੋਈ ਸੌਦਾ ਕਰੇਗਾ। ਹਾਲਾਂਕਿ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਟਰੰਪ USS ਅਬ੍ਰਾਹਮ ਲਿੰਕਨ ਏਅਰਕ੍ਰਾਫਟ ਕੈਰੀਅਰ ਸਟ੍ਰਾਈਕ ਗਰੁੱਪ ਦੀ ਗੱਲ ਕਰ ਰਹੇ ਸਨ ਜਾਂ ਕਿਸੇ ਹੋਰ ਅਮਰੀਕੀ ਜਹਾਜ਼ੀ ਦਸਤੇ ਦੀ।
ਟਰੰਪ ਨੇ ਕਿਹਾ ਕਿ ਇਰਾਨ ਨਾਲ ਸਥਿਤੀ ਹਾਲੇ “ਬਦਲਦੀ ਰਹਿੰਦੀ” ਹੈ ਅਤੇ ਅਮਰੀਕਾ ਨੇ ਖੇਤਰ ਵਿੱਚ ਵੱਡੀ ਫੌਜੀ ਤੈਨਾਤੀ ਕੀਤੀ ਹੋਈ ਹੈ, ਪਰ ਕੂਟਨੀਤੀ ਦਾ ਰਸਤਾ ਅਜੇ ਵੀ ਖੁੱਲ੍ਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਰਾਨ ਕਈ ਵਾਰ ਗੱਲਬਾਤ ਲਈ ਸੰਪਰਕ ਕਰ ਚੁੱਕਾ ਹੈ।
ਦੂਜੇ ਪਾਸੇ, ਇਰਾਨ ਨੇ ਅਮਰੀਕੀ ਫੌਜੀ ਸਰਗਰਮੀਆਂ ਦੇ ਖ਼ਿਲਾਫ਼ ਸਖ਼ਤ ਚੇਤਾਵਨੀ ਦਿੱਤੀ ਹੈ। ਇਰਾਨੀ ਰਿਵੋਲਿਊਸ਼ਨਰੀ ਗਾਰਡ ਕੋਰ (IRGC) ਦੇ ਇੱਕ ਕਮਾਂਡਰ ਨੇ ਕਿਹਾ ਕਿ ਜੇ ਕਿਸੇ ਪੜੋਸੀ ਦੇਸ਼ ਦੀ ਧਰਤੀ, ਆਕਾਸ਼ ਜਾਂ ਪਾਣੀ ਇਰਾਨ ’ਤੇ ਹਮਲੇ ਲਈ ਵਰਤੇ ਗਏ ਤਾਂ ਉਸ ਦੇਸ਼ ਨੂੰ ਵੈਰੀ ਮੰਨਿਆ ਜਾਵੇਗਾ।
ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕਿਆਨ ਨੇ ਵੀ ਕਿਹਾ ਹੈ ਕਿ ਅਮਰੀਕੀ ਧਮਕੀਆਂ ਖੇਤਰ ਦੀ ਅਸਥਿਰਤਾ ਨੂੰ ਹੋਰ ਵਧਾਉਣਗੀਆਂ। ਇਸ ਦੇ ਨਾਲ ਹੀ ਸਾਊਦੀ ਅਰਬ ਨੇ ਸਪਸ਼ਟ ਕੀਤਾ ਹੈ ਕਿ ਉਹ ਆਪਣੀ ਹਵਾਈ ਜਾਂ ਜ਼ਮੀਨੀ ਹੱਦ ਇਰਾਨ ’ਤੇ ਹਮਲੇ ਲਈ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ।
ਹਾਲਾਤ ਹਜੇ ਵੀ ਨਾਜ਼ੁਕ ਅਤੇ ਤਣਾਅਪੂਰਨ ਬਣੇ ਹੋਏ ਹਨ, ਜਿੱਥੇ ਦੋਵੇਂ ਪਾਸਿਆਂ ਵੱਲੋਂ ਸਖ਼ਤ ਬਿਆਨ ਅਤੇ ਚੇਤਾਵਨੀਆਂ ਜਾਰੀ ਹਨ।