ਪੰਜਾਬ ਵਿੱਚ ਪਾਬੰਦੀ ਦੇ ਬਾਵਜੂਦ ਕਾਤਲ ਚਾਈਨਾ ਡੋਰ ਦੀ ਵਿਕਰੀ ਅਤੇ ਪਤੰਗਬਾਜ਼ੀ ਕਾਰਨ ਹੋ ਰਹੇ ਹਾਦਸੇ ਲਗਾਤਾਰ ਜਾਨਾਂ ਲੈ ਰਹੇ ਹਨ। ਤਾਜ਼ਾ ਮਾਮਲਾ ਬਠਿੰਡਾ ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਅਧੀਨ ਪੈਂਦੇ ਪਿੰਡ ਢਪਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਪਤੰਗ ਲੁੱਟਣ ਦੇ ਚੱਕਰ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ 13 ਸਾਲਾ ਬੱਚੇ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ 13 ਸਾਲਾ ਜਸ਼ਨਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਪਿੰਡ ਢਪਾਲੀ ਦਾ ਰਹਿਣ ਵਾਲਾ ਸੀ। ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਕਰੀਬ 5 ਵਜੇ ਜਸ਼ਨਪ੍ਰੀਤ ਪਿੰਡ ਦੀ ਅਨਾਜ ਮੰਡੀ ਨੇੜੇ ਇੱਕ ਖਾਲੀ ਜਗ੍ਹਾ ਵਿੱਚ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਉਸਦੀ ਪਤੰਗ ਨੇੜਲੇ ਦਰੱਖਤ ਦੀ ਟਾਹਣੀ ਵਿੱਚ ਫਸ ਗਈ। ਪਤੰਗ ਕੱਢਣ ਲਈ ਜਦੋਂ ਉਹ ਨੇੜਲੀ ਇਕ ਇਮਾਰਤ ਦੇ ਖਸਤਾ ਹਾਲਤ ਪਿਲਰ ’ਤੇ ਚੜ੍ਹਨ ਲੱਗਾ ਤਾਂ ਪਿਲਰ ਅਚਾਨਕ ਡਿੱਗ ਪਿਆ ਅਤੇ ਜਸ਼ਨ ਮਲਬੇ ਹੇਠ ਦੱਬ ਗਿਆ।
ਇਲਾਕਾ ਸੁੰਨਸਾਨ ਹੋਣ ਕਾਰਨ ਕਿਸੇ ਨੂੰ ਵੀ ਹਾਦਸੇ ਦੀ ਤੁਰੰਤ ਜਾਣਕਾਰੀ ਨਹੀਂ ਮਿਲੀ। ਪਰਿਵਾਰਕ ਮੈਂਬਰਾਂ ਨੇ ਸਾਰੀ ਰਾਤ ਬੱਚੇ ਦੀ ਭਾਲ ਕੀਤੀ ਪਰ ਐਤਵਾਰ ਸਵੇਰੇ ਪਿਲਰ ਹੇਠਾਂ ਮਲਬੇ ਵਿੱਚ ਦੱਬੀ ਲਾਸ਼ ਦੇਖ ਕੇ ਘਟਨਾ ਦਾ ਖੁਲਾਸਾ ਹੋਇਆ। ਮਲਬਾ ਹਟਾਉਣ ’ਤੇ 13 ਸਾਲਾ ਜਸ਼ਨਪ੍ਰੀਤ ਦੀ ਲਾਸ਼ ਬਰਾਮਦ ਕੀਤੀ ਗਈ। ਸਵੇਰੇ ਕਰੀਬ 10 ਵਜੇ ਤੱਕ ਪੁਸ਼ਟੀ ਹੋ ਗਈ ਕਿ ਉਸ ਦੀ ਮੌਤ ਹੋ ਚੁੱਕੀ ਹੈ।
ਦੱਸਿਆ ਗਿਆ ਹੈ ਕਿ ਜਸ਼ਨਪ੍ਰੀਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਦੋ ਭਰਾਵਾਂ ਵਿੱਚੋਂ ਵੱਡਾ ਸੀ। ਉਸਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲਈ ਵਿੱਤੀ ਮਦਦ ਦੀ ਮੰਗ ਕੀਤੀ ਹੈ।