ਹਲੇ ਸਮਰਾਲਾ ਨੇੜਲੇ ਪਿੰਡ ਵਿੱਚ 15 ਸਾਲਾ ਲੜਕੇ ਦੀ ਚਾਈਨਾ ਡੋਰ ਨਾਲ ਮੌਤ ਦੀਆਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਬੀਤੀ ਸ਼ਾਮ ਤਹਿਸੀਲ ਰਾਏਕੋਟ ਦੇ ਪਿੰਡ ਅਕਾਲਗੜ੍ਹ ਕਲਾਂ ਵਿੱਚ ਇੱਕ ਹੋਰ ਦਰਦਨਾਕ ਹਾਦਸੇ ਨੇ ਸਭ ਨੂੰ ਝੰਝੋੜ ਕੇ ਰੱਖ ਦਿੱਤਾ। ਪਿੰਡ ਦੀ ਰਹਿਣ ਵਾਲੀ ਸਰਬਜੀਤ ਕੌਰ ਜਦੋਂ ਆਪਣੀ ਸਕੂਟੀ ’ਤੇ ਸਵਾਰ ਹੋ ਕੇ ਰਾਏਕੋਟ ਰੋਡ ਮੁੱਲਾਂਪੁਰ ਵੱਲ ਵਿਆਹ ਦੀ ਖਰੀਦਦਾਰੀ ਲਈ ਜਾ ਰਹੀ ਸੀ, ਤਾਂ ਇੱਕ ਅਚਾਨਕ ਪਲ ਨੇ ਉਸ ਦੀ ਜ਼ਿੰਦਗੀ ਖ਼ਤਮ ਕਰ ਦਿੱਤੀ।
ਗੁਰਦੁਆਰਾ ਸਾਹਿਬ ਨੇੜੇ ਸੜਕ ’ਤੇ ਹਵਾ ਵਿੱਚ ਉੱਡ ਰਹੀ ਚਾਈਨਾ ਡੋਰ ਅਚਾਨਕ ਸਰਬਜੀਤ ਕੌਰ ਦੇ ਗਲੇ ’ਚ ਲਿਪਟ ਗਈ। ਤੇਜ਼ ਅਤੇ ਨੁਕੀਲੀ ਡੋਰ ਨੇ ਉਸ ਦਾ ਗਲਾ ਬੁਰੀ ਤਰ੍ਹਾਂ ਕੱਟ ਦਿੱਤਾ, ਜਿਸ ਨਾਲ ਉਹ ਲਹੂ-ਲੁਹਾਣ ਹੋ ਗਈ। ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਦਦ ਕੀਤੀ ਅਤੇ ਦੋ ਵਿਅਕਤੀਆਂ ਨੇ ਉਸ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਮੁੱਲਾਂਪੁਰ ਦੇ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਰਸਤੇ ਵਿੱਚ ਹੀ ਉਸ ਦੀਆਂ ਸਾਹਾਂ ਟੁੱਟ ਗਈਆਂ। ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਕਿਹਾ ਕਿ ਬਹੁਤ ਦੇਰ ਹੋ ਚੁੱਕੀ ਸੀ।
ਮ੍ਰਿਤਕਾ ਦੇ ਪਤੀ ਮਨਦੀਪ ਸਿੰਘ ਨੇ ਦੁੱਖ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਸਰਬਜੀਤ ਨਾਲ ਆਪਣੀ ਜ਼ਿੰਦਗੀ ਦੇ ਅਨੇਕ ਸੁਪਨੇ ਵੇਖੇ ਸਨ, ਪਰ ਇੱਕ ਪਲ ਵਿੱਚ ਸਭ ਕੁਝ ਖ਼ਤਮ ਹੋ ਗਿਆ। ਉਨ੍ਹਾਂ ਕਿਹਾ ਕਿ ਉਹਨਾਂ ਦੇ ਬੱਚੇ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਗਿਆ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਪੂਰਾ ਪਰਿਵਾਰ ਸੋਗ ਵਿੱਚ ਡੁੱਬਿਆ ਹੋਇਆ ਹੈ ਅਤੇ ਪਿੰਡ ਅਕਾਲਗੜ੍ਹ ਕਲਾਂ ਵਿੱਚ ਗ਼ਮ ਦਾ ਮਾਹੌਲ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਹ ਪੰਜਾਬ ਵਿੱਚ ਚਾਈਨਾ ਡੋਰ ਕਾਰਨ ਹੋਈ ਪਹਿਲੀ ਮੌਤ ਨਹੀਂ। ਦੋ ਦਿਨ ਪਹਿਲਾਂ ਸਮਰਾਲਾ ਨੇੜੇ 15 ਸਾਲਾ ਤਰਨਜੋਤ ਸਿੰਘ ਦੀ ਮੌਤ ਨੇ ਵੀ ਸਾਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਨੇ ਚਾਈਨਾ ਡੋਰ ’ਤੇ ਪਾਬੰਦੀ ਦੇ ਦਾਅਵਿਆਂ ’ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।