ਦੱਖਣੀ ਫਿਲੀਪੀਨਜ਼ ਵਿੱਚ ਵਾਪਰੇ ਇੱਕ ਦਰਦਨਾਕ ਜਹਾਜ਼ ਹਾਦਸੇ ਨੇ ਕਈ ਸਾਲ ਪਹਿਲਾਂ ਹੋਈ ਟਾਈਟੈਨਿਕ ਤਬਾਹੀ ਦੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਦੇਰ ਰਾਤ ਵਾਪਰੀ ਇਸ ਘਟਨਾ ਦੌਰਾਨ 350 ਤੋਂ ਵੱਧ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਫੈਰੀ ਸਮੁੰਦਰ ਵਿੱਚ ਡੁੱਬ ਗਈ। ਤਾਜ਼ਾ ਜਾਣਕਾਰੀ ਮੁਤਾਬਕ, ਬਚਾਅ ਕਰਮੀਆਂ ਵੱਲੋਂ ਹੁਣ ਤੱਕ ਘੱਟੋ-ਘੱਟ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ 316 ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਹਾਲਾਂਕਿ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਤੱਟ ਰੱਖਿਅਕ ਅਧਿਕਾਰੀਆਂ ਅਨੁਸਾਰ, ਅੰਤਰ-ਟਾਪੂ ਕਾਰਗੋ ਅਤੇ ਯਾਤਰੀ ਫੈਰੀ ਐਮ/ਵੀ ਤ੍ਰਿਸ਼ਾ ਕਰਸਟਿਨ-3 ਬੰਦਰਗਾਹ ਸ਼ਹਿਰ ਜ਼ੈਂਬੋਆਂਗਾ ਤੋਂ ਸੁਲੂ ਪ੍ਰਾਂਤ ਦੇ ਜੋਲੋ ਟਾਪੂ ਵੱਲ ਜਾ ਰਹੀ ਸੀ। ਫੈਰੀ ’ਚ 332 ਯਾਤਰੀ ਅਤੇ 27 ਚਾਲਕ ਦਲ ਦੇ ਮੈਂਬਰ ਸਵਾਰ ਸਨ। ਸਥਾਨਕ ਰਿਪੋਰਟਾਂ ਮੁਤਾਬਕ, ਫੈਰੀ ਨੂੰ ਪਹਿਲਾਂ ਮਕੈਨੀਕਲ ਖ਼ਰਾਬੀ ਆਈ, ਜਿਸ ਤੋਂ ਬਾਅਦ ਉਹ ਸਮੁੰਦਰ ਵਿੱਚ ਡੁੱਬ ਗਈ।
ਹਾਦਸੇ ’ਚ ਬਚੇ ਯਾਤਰੀ ਮੁਹੰਮਦ ਖਾਨ ਨੇ ਦੱਸਿਆ ਕਿ ਜਹਾਜ਼ ਅਚਾਨਕ ਇੱਕ ਪਾਸੇ ਝੁਕ ਗਿਆ ਅਤੇ ਤੇਜ਼ੀ ਨਾਲ ਪਾਣੀ ਅੰਦਰ ਆਉਣ ਲੱਗਾ, ਜਿਸ ਕਾਰਨ ਲੋਕ ਹਨੇਰੇ ਸਮੁੰਦਰ ਵਿੱਚ ਡਿੱਗ ਪਏ। ਖਾਨ ਆਪਣੀ ਪਤਨੀ ਅਤੇ ਛੇ ਮਹੀਨੇ ਦੇ ਬੱਚੇ ਨਾਲ ਯਾਤਰਾ ਕਰ ਰਹੇ ਸਨ। ਦਮਪਤੀ ਨੂੰ ਤਾਂ ਬਚਾ ਲਿਆ ਗਿਆ, ਪਰ ਅਫ਼ਸੋਸਨਾਕ ਤੌਰ ’ਤੇ ਉਨ੍ਹਾਂ ਦਾ ਬੱਚਾ ਡੁੱਬ ਗਿਆ।
ਕੋਸਟ ਗਾਰਡ ਕਮਾਂਡਰ ਰੋਮਲ ਦੁਆ ਨੇ ਦੱਸਿਆ ਕਿ ਕੋਸਟ ਗਾਰਡ ਅਤੇ ਨੇਵੀ ਦੇ ਜਹਾਜ਼, ਇੱਕ ਨਿਗਰਾਨੀ ਵਾਹਨ, ਏਅਰ ਫੋਰਸ ਦਾ ਬਲੈਕ ਹਾਕ ਹੈਲੀਕਾਪਟਰ ਅਤੇ ਮੱਛੀਮਾਰ ਕਿਸ਼ਤੀਆਂ ਦੀ ਮਦਦ ਨਾਲ ਬਾਸਿਲਾਨ ਦੇ ਤੱਟ ਨੇੜੇ ਖੋਜ ਅਤੇ ਬਚਾਅ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜਹਾਜ਼ ਡੁੱਬਣ ਦੇ ਅਸਲ ਕਾਰਨ ਅਜੇ ਸਪਸ਼ਟ ਨਹੀਂ ਹੋਏ ਅਤੇ ਮਾਮਲੇ ਦੀ ਵਿਸਥਾਰ ਨਾਲ ਜਾਂਚ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਦੇ ਟਾਪੂ ਸਮੂਹ ਵਿੱਚ ਸਮੁੰਦਰੀ ਹਾਦਸੇ ਆਮ ਗੱਲ ਹਨ। ਅਕਸਰ ਇਨ੍ਹਾਂ ਹਾਦਸਿਆਂ ਦੇ ਕਾਰਨ ਤੇਜ਼ ਤੂਫ਼ਾਨ, ਕਿਸ਼ਤੀਆਂ ਦੀ ਢਿੱਲੀ ਦੇਖਭਾਲ, ਜ਼ਿਆਦਾ ਭੀੜ ਅਤੇ ਸੁਰੱਖਿਆ ਨਿਯਮਾਂ ਦੀ ਠੀਕ ਤਰ੍ਹਾਂ ਪਾਲਣਾ ਨਾ ਹੋਣਾ ਮੰਨੇ ਜਾਂਦੇ ਹਨ।