ਗੱਠਾਂ ਨਾਲ ਭਰੀ ਟਰਾਲੀ ਨੂੰ ਦੇਖ ਜਗਤਾਰ ਦਾ ਪਿਤਾ ਮੰਗਲ ਸਿੰਘ ਕਹਿਣ ਲੱਗਿਆ,ਪੁੱਤ ਵਜ਼ਨ ਘੱਟ ਪਾ ਲਿਆ ਕਰ, ਕੁੱਝ ਨਹੀਂ ਹੁੰਦਾ,ਦੋ ਰੁਪਏ ਘੱਟ ਬਣ ਜਾਣਗੇ। ਬਾਪੂ ਤੂੰ ਐਵੈਂ ਨਾ ਕਰੀ ਜਾਇਆ ਕਰ,ਚੁੱਪ ਕਰਕੇ ਬੈਠ ਜਾ,ਜਗਤਾਰ ਨੇ ਗੁੱਸੇ ਵਿੱਚ ਬਾਪੂ ਨੂੰ ਕਿਹਾ। ਅਗਲੇ ਦਿਨ ਜਦੋਂ ਜਗਤਾਰ ਗੱਠਾਂ ਵਾਲੀ ਟਰਾਲੀ ਘਰੋਂ ਬਾਹਰ ਕੱਢਣ ਲੱਗਿਆ ਤਾਂ ਜ਼ਿਆਦਾ ਭਾਰ ਹੋਣ ਕਰਕੇ ਟਰਾਲੀ ਮਿੱਟੀ ਵਿੱਚ ਬੈਠ ਗਈ , ਬਹੁਤ ਜ਼ੋਰ ਅਜ਼ਮਾਇਸ਼ ਕੀਤੀ ਪਰੰਤੂ ਟਰਾਲੀ ਨਹੀਂ ਨਿਕਲੀ,ਹਾਰ ਕੇ ਇੱਕ ਹੋਰ ਖਾਲੀ ਟਰਾਲੀ ਮੰਗਵਾ ਕੇ ਭਰੀ ਟਰਾਲੀ ਦਾ ਵਜ਼ਨ ਘੱਟ ਕੀਤਾ ਗਿਆ, ਫ਼ਿਰ ਕਿਤੇ ਜਾ ਕੇ ਟਰਾਲੀ ਬਾਹਰ ਨਿਕਲੀ। ਇਹ ਸਾਰਾ ਕੁੱਝ ਬੈਠਕ ਵਿੱਚ ਬੇਵੱਸ ਪਿਆ ਮੰਗਲ ਸਿੰਘ ਦੇਖ ਰਿਹਾ ਸੀ ,ਮਨ ਵਿੱਚ ਮੰਗਲ ਸਿੰਘ ਸੋਚਣ ਲੱਗਿਆ, ਪਹਿਲਾਂ ਹੀ ਜ਼ੇਕਰ ਵਜ਼ਨ ਟਰਾਲੀ ਦੇ ਹਿਸਾਬ ਨਾਲ ਪਾ ਲਿਆ ਜਾਂਦਾ ਤਾਂ ਆ ਜਿਹੜੀ ਖੱਜਲਖੁਆਰੀ ਸਵੇਰ ਦੀ ਹੋਈ ਆ ਇਹ ਨਾ ਹੁੰਦੀ,ਚਲੋ ਭਾਈ ਕੀ ਕੀਤਾ ਜਾ ਸਕਦਾ, ਸਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ਵਿੱਚ ਹੀ ਪਤਾ ਲੱਗਦਾ ਹੈ।
ਰਜਵਿੰਦਰ ਪਾਲ ਸ਼ਰਮਾ