ਪੰਜਾਬ ਵਿੱਚ ਇਕ ਵਾਰ ਫਿਰ ਬੇਅਦਬੀ ਨਾਲ ਜੁੜੀਆਂ ਘਟਨਾਵਾਂ ਨੇ ਧਾਰਮਿਕ ਸਾਂਝ ਅਤੇ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਜਲੰਧਰ, ਸੁਲਤਾਨਪੁਰ ਲੋਧੀ ਅਤੇ ਅੰਮ੍ਰਿਤਸਰ ਤੋਂ ਤਿੰਨ ਵੱਖ-ਵੱਖ ਮਾਮਲੇ ਸਾਹਮਣੇ ਆਏ ਹਨ।
ਜਲੰਧਰ (ਰੂਰਲ) ਦੇ ਗੋਰਾਇਆ ਇਲਾਕੇ ਦੇ ਮਹਿਲ ਪਿੰਡ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛੇ ਅੰਗ ਫਾੜ ਕੇ ਅੰਦਰ–ਬਾਹਰ ਸੁੱਟੇ ਗਏ। ਗੁਰਦੁਆਰਾ ਸਾਹਿਬ ਵਿੱਚ ਸੀਸੀਟੀਵੀ ਕੈਮਰੇ ਕਈ ਮਹੀਨਿਆਂ ਤੋਂ ਬੰਦ ਸਨ ਅਤੇ ਕੋਈ ਸਥਾਈ ਗ੍ਰੰਥੀ ਵੀ ਨਿਯੁਕਤ ਨਹੀਂ ਸੀ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸੁਲਤਾਨਪੁਰ ਲੋਧੀ ਨੇੜਲੇ ਮੋਖੇ ਪਿੰਡ ਵਿੱਚ ਇੱਕ ਗ੍ਰੰਥੀ ਸਿੰਘ ਨੇ ਗੁਰਦੁਆਰਾ ਸਾਹਿਬ ਅੰਦਰ ਮਾਰਪਿੱਟ ਅਤੇ ਬੇਅਦਬੀ ਦੇ ਦੋਸ਼ ਲਗਾਏ ਹਨ, ਜਦਕਿ ਦੂਜੀ ਧਿਰ ਨੇ ਇਹ ਦੋਸ਼ ਨਕਾਰ ਦਿੱਤੇ। ਦੋਵੇਂ ਪਾਸਿਆਂ ਦੇ ਲੋਕ ਜ਼ਖ਼ਮੀ ਹੋਏ ਅਤੇ ਪਿੰਡ ਵਿੱਚ ਤਣਾਅ ਬਣਿਆ ਹੋਇਆ ਹੈ।
ਅੰਮ੍ਰਿਤਸਰ ਦੇ ਨਾਨਕ ਮੰਡੀ ਇਲਾਕੇ ਵਿੱਚ ਹਿੰਦੂ ਦੇਵਤਿਆਂ ਦੀਆਂ ਤਸਵੀਰਾਂ ਦੀ ਬੇਇਜ਼ਤੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਰੋਸ ਪ੍ਰਦਰਸ਼ਨ ਵੀ ਹੋਏ।
ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਧਾਰਮਿਕ ਅਸਥਾਨਾਂ ਦੀ ਸੁਰੱਖਿਆ ਅਤੇ ਸਰਕਾਰੀ ਨਿਗਰਾਨੀ ਪ੍ਰਣਾਲੀ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ।