ਕੇਂਦਰ ਸਰਕਾਰ ਵੱਲੋਂ ਰਾਜ ਸਭਾ ਵਿੱਚ ਪੇਸ਼ ਅੰਕੜਿਆਂ ਅਨੁਸਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਖੇਤੀਬਾੜੀ ਕਰਜ਼ਿਆਂ ਦੀ ਵੰਡ ਵਿੱਚ ਭਾਰੀ ਅਸਮਾਨਤਾ ਸਾਹਮਣੇ ਆਈ ਹੈ। ਚੰਡੀਗੜ੍ਹ ਵਿੱਚ ਸਿਰਫ਼ 8,000 ਖਾਤਿਆਂ ’ਤੇ 3,068 ਕਰੋੜ ਰੁਪਏ ਦਾ ਕਰਜ਼ਾ ਹੈ, ਜਿਸ ਨਾਲ ਪ੍ਰਤੀ ਖਾਤਾ ਔਸਤ ਕਰਜ਼ਾ 38.5 ਲੱਖ ਰੁਪਏ ਬਣਦਾ ਹੈ—ਦੇਸ਼ ਵਿੱਚ ਸਭ ਤੋਂ ਵੱਧ।
ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਖੇਤੀਬਾੜੀ ਜ਼ਮੀਨ ਹੋਣ ਦੇ ਬਾਵਜੂਦ ਇਹ ਵੱਡੇ ਕਰਜ਼ੇ ਸ਼ਹਿਰੀ ਇਲਾਕਿਆਂ ਵਿੱਚ ਖੇਤੀ ਕਰਜ਼ਿਆਂ ਦੀ ਗਲਤ ਵਰਤੋਂ ਵੱਲ ਇਸ਼ਾਰਾ ਕਰਦੇ ਹਨ। ਦਿੱਲੀ ਪ੍ਰਤੀ ਖਾਤਾ 6.52 ਲੱਖ ਰੁਪਏ ਨਾਲ ਦੂਜੇ ਸਥਾਨ ’ਤੇ ਹੈ।
ਉੱਧਰ, ਪੰਜਾਬ ਵਿੱਚ 25.23 ਲੱਖ ਖਾਤਿਆਂ ’ਤੇ 97,471 ਕਰੋੜ ਰੁਪਏ ਦਾ ਕਰਜ਼ਾ ਹੈ, ਜਿੱਥੇ ਪ੍ਰਤੀ ਕਿਸਾਨ ਔਸਤ ਕਰਜ਼ਾ 3.86 ਲੱਖ ਰੁਪਏ ਹੈ। ਮਾਹਿਰਾਂ ਨੇ ਮੰਗ ਕੀਤੀ ਹੈ ਕਿ ਖੇਤੀ ਕਰਜ਼ਾ ਵੰਡ ਪ੍ਰਣਾਲੀ ਦੀ ਡੂੰਘੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਗਲਤ ਵਰਤੋਂ ਰੋਕੀ ਜਾ ਸਕੇ।