ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਨੇ ਸਾਲ 2026 ਦੀਆਂ ਸੈਨੇਟ ਚੋਣਾਂ ਲਈ ਅਧਿਕਾਰਕ ਸਮਾਂ-ਸਾਰਣੀ ਜਾਰੀ ਕਰ ਦਿੱਤੀ ਹੈ। ਯੂਨੀਵਰਸਿਟੀ ਪ੍ਰਸ਼ਾਸਨ ਮੁਤਾਬਕ ਸੈਨੇਟ ਚੋਣਾਂ ਲਈ 20 ਸਤੰਬਰ 2026 ਨੂੰ ਵੋਟਿੰਗ ਕਰਵਾਈ ਜਾਵੇਗੀ।
ਪ੍ਰਸ਼ਾਸਨ ਨੇ ਦੱਸਿਆ ਕਿ ਨਵੇਂ ਰਜਿਸਟਰਡ ਗ੍ਰੈਜੂਏਟ ਵਜੋਂ ਦਾਖਲਾ ਲੈਣ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 23 ਫਰਵਰੀ ਹੈ। ਇਸ ਲਈ 15 ਰੁਪਏ ਰਜਿਸਟ੍ਰੇਸ਼ਨ ਫੀਸ ਯੂਨੀਵਰਸਿਟੀ ਦੇ ਰਜਿਸਟਰਾਰ ਦਫ਼ਤਰ ਵਿੱਚ ਅਰਜ਼ੀ ਦੇ ਨਾਲ ਜਮ੍ਹਾ ਕਰਵਾਉਣੀ ਲਾਜ਼ਮੀ ਹੋਵੇਗੀ।
ਵੋਟ ਪਾਉਣ ਦਾ ਅਧਿਕਾਰ ਮੁੜ ਹਾਸਲ ਕਰਨ ਲਈ ਰਜਿਸਟਰਡ ਗ੍ਰੈਜੂਏਟਾਂ ਨੂੰ 23 ਫਰਵਰੀ ਤੱਕ ਸਾਰੇ ਬਕਾਇਆ ਭੁਗਤਾਨ ਕਰਨੇ ਹੋਣਗੇ। ਬਕਾਇਆ ਵਾਲੇ ਗ੍ਰੈਜੂਏਟਾਂ ਦੀ ਸੂਚੀ ਜਲਦੀ ਹੀ ਪੀਯੂ ਦੀ ਅਧਿਕਾਰਤ ਵੈੱਬਸਾਈਟ ਅਤੇ ਪੀਯੂ ਚੋਣ ਸੈੱਲ (ਸਹਾਇਕ ਰਜਿਸਟਰਾਰ) ਦੇ ਦਫ਼ਤਰ ਵਿੱਚ ਜਾਰੀ ਕੀਤੀ ਜਾਵੇਗੀ।
ਯੂਨੀਵਰਸਿਟੀ ਮੁਤਾਬਕ ਸਪਲੀਮੈਂਟਰੀ ਰਜਿਸਟਰਡ ਗ੍ਰੈਜੂਏਟ ਸੂਚੀ 24 ਮਾਰਚ ਨੂੰ ਜਾਰੀ ਹੋਵੇਗੀ। ਪਤੇ ਵਿੱਚ ਤਬਦੀਲੀ ਦੀ ਆਖਰੀ ਮਿਤੀ 23 ਅਪ੍ਰੈਲ, ਦਾਅਵੇ ਅਤੇ ਇਤਰਾਜ਼ ਦਾਇਰ ਕਰਨ ਦੀ ਆਖਰੀ ਮਿਤੀ 22 ਜੂਨ ਹੈ। ਰਜਿਸਟਰਾਰ ਵੱਲੋਂ ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ 2 ਜੁਲਾਈ ਨੂੰ ਕੀਤੀ ਜਾਵੇਗੀ, ਜਦਕਿ ਇਤਰਾਜ਼ ਕਮੇਟੀ ਦੀ ਮੀਟਿੰਗ 3 ਜੁਲਾਈ ਨੂੰ ਹੋਵੇਗੀ।
ਅੰਤਿਮ ਰਜਿਸਟਰਡ ਗ੍ਰੈਜੂਏਟ ਸੂਚੀ 27 ਜੁਲਾਈ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ।