ਮੰਡੀ ਗੋਬਿੰਦਗੜ੍ਹ: ਉਦਯੋਗਿਕ ਸ਼ਹਿਰ ਮੰਡੀ ਗੋਬਿੰਦਗੜ੍ਹ ਵਿੱਚ ਅਸਲੇ ਦੀ ਨੋਕ ‘ਤੇ ਲੁੱਟਾਂ ਖੋਹਾਂ ਕਰਨ ਵਾਲੇ ਸ਼ਿਵਾ ਨਾਮਕ ਆਰੋਪੀ ਨਾਲ ਪੁਲਿਸ ਦੀ ਮੁੱਠਭੇੜ ਹੋ ਗਈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅਸਲਾ ਬਰਾਮਦਗੀ ਦੌਰਾਨ ਸ਼ਿਵਾ ਨੇ ਪੁਲਿਸ ਹੋਮਗਾਰਡ ਮੁਲਾਜ਼ਮ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਹੋਮਗਾਰਡ ਜ਼ਖ਼ਮੀ ਹੋ ਗਿਆ।
ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਸ਼ਿਵਾ ਦੀ ਲੱਤ ਵਿੱਚ ਗੋਲੀ ਮਾਰ ਕੇ ਉਸਨੂੰ ਕਾਬੂ ਕਰ ਲਿਆ। ਜ਼ਖ਼ਮੀ ਆਰੋਪੀ ਅਤੇ ਹੋਮਗਾਰਡ ਦੋਹਾਂ ਨੂੰ ਮੰਡੀ ਗੋਬਿੰਦਗੜ੍ਹ ਅਤੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਐਸਐਸਪੀ ਫਤਿਹਗੜ੍ਹ ਸਾਹਿਬ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸ਼ਿਵਾ ਕੱਚਾ ਦਲੀਪ ਨਗਰ ਦਾ ਰਹਿਣ ਵਾਲਾ ਹੈ ਅਤੇ ਉਸ ‘ਤੇ ਪਹਿਲਾਂ ਵੀ ਕਈ ਲੁੱਟਾਂ ਖੋਹਾਂ ਦੇ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਆਰੋਪੀ ਵੱਡੇ ਪੱਧਰ ‘ਤੇ ਲੁੱਟਾਂ ਖੋਹਾਂ ਦਾ ਰੈਕਟ ਚਲਾਉਂਦਾ ਸੀ ਅਤੇ ਉਸਦੇ ਹੋਰ ਸਾਥੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ।
ਪੁਲਿਸ ਮੁਤਾਬਕ ਮੌਕੇ ਤੋਂ 32 ਬੋਰ ਪਿਸਤੌਲ ਬਰਾਮਦ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।