ਜਦੋਂ ਸਿਨੇਮਾ ਨਹੀਂ ਸੀ ਆਇਆ ਉਦੋਂ ਨਾਟਕ ਅਤੇ ਰੰਗ ਮੰਚ ਹੀ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਸੀ।ਤੁਰਦਾ ਫਿਰਦਾ ਬਾਈਸਕੋਪ ਅਤੇ ਕਠਪੁਤਲੀਆਂ ਦੇ ਹੁੰਦੇ ਨਾਚ ਵੀ ਮਨੋਰੰਜਨ ਕਰਦੇ ਸਨ।ਇਹ ਮਨੋਰੰਜਨ ਵੀ ਕਰਦਾ ਤੇ ਸਮਾਜ ਦੇ ਗੰਭੀਰ ਵਿਸ਼ਿਆਂ ਤੇ ਚੋਟ ਵੀ ਕਰਦਾ। ਪ੍ਰਸਿੱਧ ਨਾਟਕਕਾਰ ਈਸ਼ਵਰ ਚੰਦਰ ਨੰਦਾ ਦੇ ਦੁਲਹਨ ਨਾਟਕ ਨੇ ਪੰਜਾਬੀ ਸਾਹਿਤ ਵਿੱਚ ਨਾਟਕਾਂ ਦਾ ਰਾਹ ਖੋਲ੍ਹਿਆ।ਰੰਗ ਮੰਚ ਹੀ ਸਿਨੇਮੇ ਦੀ ਬੁਨਿਆਦ ਸੀ, ਫ਼ਰਕ ਇਹ ਸੀ ਕਿ ਸਿਨੇਮਾ ਵਿੱਚ ਪਾਤਰਾਂ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਘਟਨਾਵਾਂ ਪ੍ਰੋਜੈਕਟਰ ਦੀ ਮਦਦ ਨਾਲ ਦਿਖਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪਹਿਲਾਂ ਰਿਕਾਰਡ ਕਰ ਲਿਆ ਜਾਂਦਾ ਸੀ ਜਦਕਿ ਰੰਗ ਮੰਚ ਅਤੇ ਨਾਟਕ ਲਾਈਵ ਬਿਲਕੁਲ ਸਾਡੇ ਸਾਹਮਣੇ ਹਕੀਕਤ ਵਿੱਚ ਪਾਤਰ ਆਪਣੀ ਕਲਾ ਨੂੰ ਪੇਸ਼ ਕਰਦੇ ਹਨ। ਸਿਨੇਮੇ ਦੀ ਚੜ੍ਹਤ ਤੋਂ ਬਾਅਦ ਟੈਲੀਵੀਜ਼ਨ ਦੀ ਕੀਤੀ ਖੋਜ਼ ਨੇ ਮਨੋਰੰਜਨ ਦੇ ਸਾਧਨਾਂ ਵਿੱਚ ਵਾਧਾ ਕੀਤਾ। ਟੈਲੀਵੀਜ਼ਨ ਰਾਹੀਂ ਲੋਕਾਂ ਨੂੰ ਹੁਣ ਖ਼ਬਰਾਂ, ਫਿਲਮਾਂ, ਖੇਤੀਬਾੜੀ, ਡੇਅਰੀ ਅਤੇ ਵੱਖ ਵੱਖ ਪ੍ਰਕਾਰ ਦੇ ਟੀਵੀ ਸੀਰੀਅਲ ਵੇਖਣ ਦਾ ਮੌਕਾ ਮਿਲਿਆ। ਟੈਲੀਵੀਜ਼ਨ ਦੇ ਇਹ ਪ੍ਰੋਗਰਾਮ ਗਾਹਕ ਦੇ ਕੰਟਰੋਲ ਵਿੱਚ ਨਹੀਂ ਸਨ ,ਗਾਹਕ ਕੇਵਲ ਦੇਖ ਸਕਦੇ ਸਨ ਇਨ੍ਹਾਂ ਨੂੰ ਬਦਲ ਨਹੀਂ ਸਨ ਸਕਦੇ। ਗਾਹਕਾਂ ਦੀ ਇਸ ਸਮੱਸਿਆ ਦਾ ਹੱਲ ਡੀ ਟੀ ਐੱਚ(DTH) ਜਿਸਦਾ ਪੂਰਾ ਨਾਮ ਡਾਇਰੈਕਟ ਟੂ ਹੋਮ ਭਾਵ ਸਿੱਧਾ ਸਾਡੇ ਘਰ ਤੱਕ ਨੇ ਕੱਢਿਆ। ਪਹਿਲਾਂ ਡੀ ਡੀ ਨੈਸ਼ਨਲ, ਕੁੱਝ ਸਮਾਂ ਖ਼ੇਤਰੀ ਪ੍ਰਸਾਰਣ ਅਤੇ ਇੱਕ ਡੀ ਡੀ ਨਿਊਜ਼ ਚੈਨਲ ਦੇਖਣ ਵਾਲੇ ਗਾਹਕਾਂ ਕੋਲ ਹੁਣ 50-60 ਚੈਨਲਾਂ ਦਾ ਰਿਮੋਟ ਹੱਥ ਵਿੱਚ ਆ ਗਿਆ ਸੀ।ਡੀ ਟੀ ਐੱਚ ਫ੍ਰੀ ਸੇਵਾ ਸੀ ਜਿਸਨੇ ਮਨੋਰੰਜਨ ਦੇ ਨਾਲ ਨਾਲ ਖਬਰਾਂ, ਖੇਡਾਂ, ਖੇਤੀਬਾੜੀ ਅਤੇ ਸਿੱਖਿਆ ਨਾਲ ਸਬੰਧਤ ਪ੍ਰੋਗਰਾਮ ਪ੍ਰਸਾਰਿਤ ਹੁੰਦੇ ਹਨ।
ਇਕੱਵੀਂ ਸਦੀ ਦੇ ਦੂਜੇ ਦਹਾਕੇ ਜਾਂ ਪਿਛਲੇ ਦਸ ਸਾਲਾਂ ਦੀ ਗੱਲ ਕਰੀਏ ਤਾਂ ਇੰਟਰਨੈੱਟ ਦੇ ਵਿਸਤਾਰ ਅਤੇ ਮੋਬਾਇਲ ਫ਼ੋਨ ਦੀ ਮੰਗ ਵਿੱਚ ਹੋਏ ਵਾਧੇ ਨੇ ਸਿਨੇਮਾ ਅਤੇ ਟੈਲੀਵਿਜ਼ਨ ਨੂੰ ਪਛਾੜ ਦਿੱਤਾ। ਸਮਾਰਟਫੋਨ ਤੇ ਚਲ ਰਿਹਾ ਇੰਟਰਨੈੱਟ ਮਨੋਰੰਜਨ ਲਈ ਓ ਟੀ ਟੀ ਪਲੇਟਫਾਰਮ ਦਾ ਦਰਵਾਜ਼ਾ ਖੋਲ੍ਹਦਾ ਹੈ।ਓ ਟੀ ਟੀ (OTT) ਪਲੇਟਫਾਰਮ ਦਾ ਪੂਰਾ ਨਾਮ ਓਵਰ ਦਿ ਟਾਪ ਹੈ ਜ਼ੋ ਇੰਟਰਨੈੱਟ ਦੀ ਮੌਜੂਦਗੀ ਵਿੱਚ ਗਾਹਕ ਨੂੰ ਮਨੋਰੰਜਨ ਦੀ ਸੇਵਾ ਮੁੱਹਈਆ ਕਰਵਾਉਂਦਾ ਹੈ।ਅਜੋਕਾ ਸਮਾਂ ਓ ਟੀ ਟੀ ਦਾ ਸਮਾਂ ਹੈ ਜਿਸ ਤੇ ਫਿਲਮਾਂ,ਸੀਰੀਅਲ, ਖੇਡਾਂ ਅਤੇ ਖਬਰਾਂ ਨਾਲ ਸਬੰਧਤ ਜਾਣਕਾਰੀ ਉਪਲੱਬਧ ਹੈ।ਵੱਖ ਵੱਖ ਓ ਟੀ ਟੀ ਪਲੇਟਫਾਰਮ ਦੀਆਂ ਆਪਣੀਆਂ ਆਪਣੀਆਂ ਨੀਤੀਆਂ ਹਨ। ਓ ਟੀ ਟੀ ਪਲੇਟਫਾਰਮ ਗਾਹਕ ਨੂੰ ਜੁੜਨ ਲਈ ਸਬਸਕਿਰਪਸਨ ਭਾਵ ਕੁੱਝ ਪੈਸਿਆਂ ਦੀ ਮੰਗ ਕਰਦਾ ਹੈ,ਸਬਸਕਿਰਪਸਨ ਲੈ ਕੇ ਸਬੰਧਤ ਓ ਟੀ ਟੀ ਪਲੇਟਫਾਰਮ ਦਾ ਗਾਹਕ ਬਣਨ ਤੋਂ ਬਾਅਦ ਸਬੰਧਤ ਓ ਟੀ ਟੀ ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੇ ਕਿਸੇ ਵੀ ਪ੍ਰਕਾਰ ਦੇ ਪ੍ਰੋਗਰਾਮ ਨੂੰ ਅਸੀਂ ਆਪਣੇ ਸਮਾਰਟਫੋਨ ਜਾਂ ਇੰਟਰਨੈੱਟ ਦੀ ਮਦਦ ਨਾਲ ਕਿਤੇ ਵੀ ਅਤੇ ਕਦੋਂ ਵੀ ਦੇਖ ਸਕਦੇ ਹਾਂ। ਅਜੋਕੇ ਸਮੇਂ ਵਿੱਚ ਬਣ ਰਹੇ ਬਹੁਤੇ ਪ੍ਰੋਗਰਾਮ ਓ ਟੀ ਟੀ ਦੀ ਮੰਗ ਦੇ ਆਧਾਰ ਤੇ ਬਣਾਏ ਜਾ ਰਹੇ ਹਨ।ਕੁੱਝ ਓ ਟੀ ਟੀ ਪਲੇਟਫਾਰਮ ਅਸ਼ਲੀਲ ਵੀਡੀਓ ਅਤੇ ਸਮੱਗਰੀ ਵੀ ਪ੍ਰਦਾਨ ਕਰ ਰਹੇ ਹਨ। ਸਿਨੇਮਾ ਵਿੱਚ ਰਿਲੀਜ਼ ਹੋਈ ਫ਼ਿਲਮ ਲੱਗਭੱਗ ਛੇ ਸੱਤ ਹਫ਼ਤਿਆਂ ਦੇ ਅੰਦਰ ਅੰਦਰ ਕਿਸੇ ਨਾ ਕਿਸੇ ਓ ਟੀ ਪਲੇਟਫਾਰਮ ਤੇ ਰਿਲੀਜ਼ ਹੋ ਜਾਂਦੀ ਹੈ। ਓ ਟੀ ਟੀ ਪਲੇਟਫਾਰਮ ਤੇ ਫ਼ਿਲਮ ਰਿਲੀਜ਼ ਕਰਨ ਲਈ ਸਬੰਧਤ ਓ ਟੀ ਟੀ ਪਲੇਟਫਾਰਮ ਨੂੰ ਕਾਪੀਰਾਈਟ ਦਿੱਤਾ ਜਾਂਦਾ ਹੈ ਭਾਵ ਉਸਦੀ ਇਜਾਜ਼ਤ ਤੋਂ ਬਿਨ੍ਹਾਂ ਹੋਰ ਕੋਈ ਵੀ ਦੂਸਰਾ ਓ ਟੀ ਟੀ ਪਲੇਟਫਾਰਮ ਫ਼ਿਲਮ ਨੂੰ ਰਿਲੀਜ਼ ਨਹੀਂ ਕਰ ਸਕਦਾ।ਵੈੱਬ ਸੀਰੀਜ਼,ਸੀਰੀਅਲ ਅਤੇ ਕੁੱਝ ਫਿਲਮਾਂ ਤਾਂ ਸਿਨੇਮਾ ਦੀ ਬਜ਼ਾਏ ਸਿੱਧਾ ਹੀ ਓ ਟੀ ਟੀ ਤੇ ਰਿਲੀਜ਼ ਕਰ ਦਿੱਤੀਆਂ ਜਾਂਦੀਆਂ ਹਨ।ਓ ਟੀ ਟੀ ਪਲੇਟਫਾਰਮ ਮਨੋਰੰਜਨ ਦੇ ਨਾਲ ਨਾਲ ਕਮਾਈ ਦਾ ਵੀ ਇੱਕ ਵੱਡਾ ਸਾਧਨ ਬਣ ਕੇ ਉੱਭਰਿਆ। ਅਜੋਕੇ ਸਮੇਂ ਵਿੱਚ ਓ ਟੀ ਟੀ ਪਲੇਟਫਾਰਮ ਨੈੱਟਫਲਿਕਸ,ਜੀਓ ਹਾੱਟਸਟਾਰ, ਐਮਾਜ਼ੋਨ ਪਰਾਈਮ ਵੀਡਿਓ,ਚੌਪਾਲ, ਕੇਵਲ ਵਨ ਅਤੇ ਅਲਟਰਾ ਬਾਲਾ ਜੀ ਵਰਗੇ ਅਸ਼ਲੀਲ ਪਲੇਟਫਾਰਮ ਦੇਖੇ ਜਾ ਰਹੇ ਹਨ। ਸਮੇਂ ਸਮੇਂ ਤੇ ਓ ਟੀ ਟੀ ਪਲੇਟਫਾਰਮ ਨੂੰ ਅਸ਼ਲੀਲ ਸਮੱਗਰੀ ਰੋਕਣ ਲਈ ਹਿਦਾਇਤਾਂ ਜ਼ਾਰੀ ਹੋਈਆਂ ਪ੍ਰੰਤੂ ਉਹਨਾਂ ਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਅੱਜ ਵੀ ਅਸੀਂ ਓ ਟੀ ਟੀ ਤੇ ਜਾ ਕੇ ਅਸ਼ਲੀਲ ਸਮੱਗਰੀ ਦੇਖ ਸਕਦੇ ਹਾਂ। ਇੰਟਰਨੈੱਟ ਦੀ ਸੇਵਾ ਨੇ ਮਨੁੱਖ ਨੂੰ ਸੌਖਾਲਾ ਜ਼ਰੂਰ ਕੀਤਾ ਪ੍ਰੰਤੂ ਕਈ ਪ੍ਰਕਾਰ ਦੀਆਂ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ।ਓ ਟੀ ਟੀ ਪਲੇਟਫਾਰਮ ਤੇ ਚਲ ਰਹੇ ਪ੍ਰੋਗਰਾਮਾਂ ਦੀ ਕੁਆਲਟੀ ਅਤੇ ਸੈਂਸਰ ਬੋਰਡ ਤੋਂ ਮੰਨਜ਼ੂਰੀ ਲੈਣੀ ਬਹੁਤ ਜ਼ਰੂਰੀ ਹੈ। ਸੈਂਸਰ ਬੋਰਡ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਪ੍ਰੋਗਰਾਮ ਨੂੰ ਚਲਾਉਣ ਤੋਂ ਪਹਿਲਾਂ ਉਸ ਵਿੱਚ ਦਿਖਾਈ ਜਾਣ ਵਾਲੀ ਸਮੱਗਰੀ ਅਤੇ ਉਸ ਦੇ ਨਤੀਜਿਆਂ ਬਾਰੇ ਜਰੂਰ ਸੋਚੇ। ਨੌਜਵਾਨ ਅਤੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਪਹੁੰਚੀ ਅਸ਼ਲੀਲ ਅਤੇ ਸਮਾਜ ਵਿਰੋਧੀ ਸਮੱਗਰੀ ਨੈਤਿਕਤਾ ਅਰਾਜਕਤਾ, ਸ਼ਾਂਤੀ ਅਤੇ ਖੁਸ਼ਹਾਲੀ ਨੂੰ ਖੋਰਾ ਲਾ ਸਕਦੀ ਹੈ। ਮਹਾਨ ਕੁਦਰਤੀ ਵਿਗਿਆਨੀ ਚਾਰਲਸ ਡਾਰਵਿਨ ਦਾ ਸਿਧਾਂਤ ਕੁਦਰਤ ਦੀ ਸਭ ਤੋਂ ਉੱਤਮ ਜਿੱਤ (Survival of the fittest) ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਬਦਲਾਅ ਕੁਦਰਤ ਦਾ ਨਿਯਮ ਹੈ। ਸਾਨੂੰ ਵੀ ਸਮੇਂ ਦੇ ਹਿਸਾਬ ਨਾਲ ਬਦਲਣਾ ਪਵੇਗਾ ਪ੍ਰੰਤੂ ਇਹ ਬਦਲਾਅ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਕੇ ਨਹੀਂ ਲਿਆ ਸਕਦੇ । ਮਨੋਰੰਜਨ ਲਈ ਬਣੇ ਸਾਧਨ ਸਮਾਜ ਵਿਰੋਧੀ ਨਹੀਂ ਹੋਣੇ ਚਾਹੀਦੇ।ਓ ਟੀ ਟੀ ਪਲੇਟਫਾਰਮ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਪ੍ਰੋਗਰਾਮ ਦਿਖਾਉਣ ਤੋਂ ਗ਼ੁਰੇਜ਼ ਕਰੇ ਜੋ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਦੇ ਰਾਹ ਵੱਲ ਧੱਕਦੀ ਹੈ। ਸਰਕਾਰ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਜਲਦ ਤੋਂ ਜਲਦ ਓ ਟੀ ਟੀ ਪਲੇਟਫਾਰਮਾਂ ਲਈ ਨੀਤੀ ਅਤੇ ਨਿਯਮ ਤਿਆਰ ਕਰੇ। ਉਲੰਘਣਾ ਕਰਨ ਵਾਲੇ ਲਈ ਸਖ਼ਤ ਤੋਂ ਸਖ਼ਤ ਸਜ਼ਾ ਮੁਕੱਰਰ ਕਰਨੀ ਹੋਵੇਗੀ।ਇਸ ਦੇ ਨਾਲ ਨਾਲ ਸੈਂਸਰ ਬੋਰਡ ਨੂੰ ਵੀ ਓ ਟੀ ਟੀ ਤੇ ਦਿਖਾਏ ਜਾਣ ਵਾਲੇ ਪ੍ਰੋਗਰਾਮਾਂ ਤੇ ਸਖ਼ਤ ਨਿਗਰਾਨੀ ਰੱਖਣੀ ਹੋਵੇਗੀ ਤਾਂ ਜ਼ੋ ਮਨੋਰੰਜਨ ਦੇ ਨਾਲ ਨਾਲ ਭਾਰਤ ਦੇਸ਼ ਦੀ ਆਸਥਾ, ਮਰਿਆਦਾ, ਨੈਤਿਕਤਾ, ਸੱਭਿਅਤਾ, ਭਾਈਚਾਰਕ ਸਾਂਝ ਅਤੇ ਏਕਤਾ ਵੀ ਬਣੀ ਰਹੇ।
ਰਜਵਿੰਦਰ ਪਾਲ ਸ਼ਰਮਾ