ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ ਅਧੀਨ ਗਾਜ਼ਾ ਦੀ ਅਸਥਾਈ ਸ਼ਾਸਨ ਪ੍ਰਣਾਲੀ ਦੀ ਦੇਖ-ਰੇਖ ਲਈ “ਬੋਰਡ ਆਫ਼ ਪੀਸ” ਦਾ ਗਠਨ ਕੀਤਾ ਗਿਆ ਹੈ। ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਅਕਤੂਬਰ ਵਿੱਚ ਲਾਗੂ ਹੋਈ ਨਾਜ਼ੁਕ ਸੀਜ਼ਫ਼ਾਇਰ ਦੇ ਬਾਵਜੂਦ ਗਾਜ਼ਾ ਵਿੱਚ ਹਿੰਸਾ ਦੀਆਂ ਘਟਨਾਵਾਂ ਜਾਰੀ ਹਨ।
ਇਸ ਬੋਰਡ ਦੀ ਅਗਵਾਈ ਖੁਦ ਰਾਸ਼ਟਰਪਤੀ ਡੋਨਾਲਡ ਟਰੰਪ ਕਰਨਗੇ। ਬੋਰਡ ਦੇ ਹੋਰ ਮੈਂਬਰਾਂ ਵਿੱਚ ਭਾਰਤੀ ਮੂਲ ਦੇ ਵਰਲਡ ਬੈਂਕ ਗਰੁੱਪ ਦੇ ਪ੍ਰਧਾਨ ਅਜੇ ਬੰਗਾ ਵੀ ਸ਼ਾਮਲ ਹਨ।
ਕੌਣ ਹਨ ਅਜੇ ਬੰਗਾ?
ਅਜੇ ਬੰਗਾ ਵਰਲਡ ਬੈਂਕ ਗਰੁੱਪ ਦੇ 14ਵੇਂ ਪ੍ਰਧਾਨ ਹਨ। ਉਨ੍ਹਾਂ ਨੂੰ ਫਰਵਰੀ 2023 ਵਿੱਚ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ। ਮਈ 2023 ਵਿੱਚ ਪੰਜ ਸਾਲਾ ਕਾਰਜਕਾਲ ਲਈ ਉਨ੍ਹਾਂ ਦੀ ਨਿਯੁਕਤੀ ਦੀ ਪੁਸ਼ਟੀ ਹੋਈ ਅਤੇ 2 ਜੂਨ 2023 ਨੂੰ ਉਨ੍ਹਾਂ ਨੇ ਵਰਲਡ ਬੈਂਕ ਦੇ ਪ੍ਰਧਾਨ ਵਜੋਂ ਚਾਰਜ ਸੰਭਾਲਿਆ।
ਵਰਲਡ ਬੈਂਕ ਗਰੁੱਪ ਦੀ ਵੈਬਸਾਈਟ ਮੁਤਾਬਕ, ਅਜੇ ਬੰਗਾ ਦਾ ਮਕਸਦ 80 ਸਾਲ ਪੁਰਾਣੀ ਸੰਸਥਾ ਨੂੰ ਹੋਰ ਤੇਜ਼, ਪ੍ਰਭਾਵਸ਼ਾਲੀ ਅਤੇ ਵਿਕਾਸ ਲਈ ਮਜ਼ਬੂਤ ਭਾਗੀਦਾਰ ਬਣਾਉਣਾ ਹੈ। ਉਨ੍ਹਾਂ ਦੀ ਅਗਵਾਈ ਹੇਠ ਸੰਸਥਾ ਨੇ ਵੱਡੇ ਪੱਧਰ ‘ਤੇ ਸੁਧਾਰ ਸ਼ੁਰੂ ਕੀਤੇ ਹਨ, ਜਿਨ੍ਹਾਂ ਦਾ ਮਕਸਦ ਕਰਜ਼ਾ ਸਮਰੱਥਾ ਵਧਾਉਣਾ, ਪ੍ਰਕਿਰਿਆਵਾਂ ਨੂੰ ਸੌਖਾ ਬਣਾਉਣਾ ਅਤੇ ਹਕੀਕਤੀ ਤੇ ਪ੍ਰਭਾਵਸ਼ਾਲੀ ਵਿਕਾਸ ਹੱਲਾਂ ‘ਤੇ ਧਿਆਨ ਕੇਂਦਰਿਤ ਕਰਨਾ ਹੈ।
ਸ਼ੁਰੂਆਤੀ ਜੀਵਨ ਅਤੇ ਸਿੱਖਿਆ
ਇਨਵੈਸਟੋਪੀਡੀਆ ਮੁਤਾਬਕ, ਅਜੇ ਬੰਗਾ ਦਾ ਜਨਮ 10 ਨਵੰਬਰ 1959 ਨੂੰ ਮਹਾਰਾਸ਼ਟਰ ਦੇ ਖੜਕੀ ਸ਼ਹਿਰ ਵਿੱਚ ਇੱਕ ਸਿੱਖ ਪਰਿਵਾਰ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਭਾਰਤੀ ਫੌਜ ਵਿੱਚ ਅਧਿਕਾਰੀ ਰਹੇ ਹਨ। ਅਜੇ ਬੰਗਾ ਨੇ 1981 ਵਿੱਚ ਦਿੱਲੀ ਦੇ ਸੇਂਟ ਸਟੀਫਨਜ਼ ਕਾਲਜ ਤੋਂ ਅਰਥਸ਼ਾਸਤਰ ਵਿੱਚ ਬੀਏ (ਆਨਰਜ਼) ਕੀਤੀ ਅਤੇ ਬਾਅਦ ਵਿੱਚ ਆਈਆਈਐੱਮ ਅਹਿਮਦਾਬਾਦ ਤੋਂ ਪ੍ਰਬੰਧਨ ਵਿੱਚ ਪੋਸਟਗ੍ਰੈਜੂਏਟ ਡਿਗਰੀ ਹਾਸਲ ਕੀਤੀ।
ਕਾਰੋਬਾਰ ਤੋਂ ਲੋਕ ਸੇਵਾ ਤੱਕ ਦਾ ਸਫ਼ਰ
ਵਰਲਡ ਬੈਂਕ ਨਾਲ ਜੁੜਨ ਤੋਂ ਪਹਿਲਾਂ ਅਜੇ ਬੰਗਾ ਜਨਰਲ ਐਟਲਾਂਟਿਕ ਵਿੱਚ ਵਾਈਸ ਚੇਅਰਮੈਨ ਰਹੇ। ਇਸ ਤੋਂ ਪਹਿਲਾਂ ਉਹ ਮਾਸਟਰਕਾਰਡ ਦੇ ਪ੍ਰਧਾਨ ਅਤੇ ਸੀਈਓ ਵੀ ਰਹੇ, ਜਿੱਥੇ ਉਨ੍ਹਾਂ ਨੇ ਲਗਭਗ 24,000 ਕਰਮਚਾਰੀਆਂ ਵਾਲੀ ਗਲੋਬਲ ਟੀਮ ਦੀ ਅਗਵਾਈ ਕੀਤੀ।
ਉਨ੍ਹਾਂ ਨੇ ਮਾਸਟਰਕਾਰਡ ਸੈਂਟਰ ਫਾਰ ਇਨਕਲੂਸਿਵ ਗ੍ਰੋਥ ਦੀ ਸਥਾਪਨਾ ਵੀ ਕੀਤੀ, ਜਿਸ ਦਾ ਉਦੇਸ਼ ਸਮਾਨ ਅਤੇ ਟਿਕਾਊ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਇਸ ਤੋਂ ਇਲਾਵਾ, ਉਹ 2020 ਤੋਂ 2022 ਤੱਕ ਇੰਟਰਨੈਸ਼ਨਲ ਚੈਂਬਰ ਆਫ਼ ਕਾਮਰਸ ਦੇ ਚੇਅਰਮੈਨ ਰਹੇ ਅਤੇ ਅਮਰੀਕਨ ਰੈੱਡ ਕ੍ਰਾਸ, ਕ੍ਰਾਫਟ ਫੂਡਜ਼ ਅਤੇ ਡਾਓ ਇੰਕ ਵਰਗੀਆਂ ਸੰਸਥਾਵਾਂ ਦੇ ਬੋਰਡਾਂ ‘ਤੇ ਵੀ ਸੇਵਾ ਨਿਭਾ ਚੁੱਕੇ ਹਨ।
ਅੰਤਰਰਾਸ਼ਟਰੀ ਸਨਮਾਨ
ਅਜੇ ਬੰਗਾ ਨੂੰ ਉਨ੍ਹਾਂ ਦੇ ਯੋਗਦਾਨ ਲਈ ਕਈ ਅੰਤਰਰਾਸ਼ਟਰੀ ਸਨਮਾਨ ਮਿਲੇ ਹਨ। ਉਨ੍ਹਾਂ ਨੂੰ 2022 ਵਿੱਚ ਸਿੰਗਾਪੁਰ ਪਬਲਿਕ ਸਰਵਿਸ ਸਟਾਰ, 2016 ਵਿੱਚ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ, 2012 ਵਿੱਚ ਫਾਰਨ ਪਾਲਿਸੀ ਐਸੋਸੀਏਸ਼ਨ ਮੈਡਲ ਅਤੇ ਐਲਿਸ ਆਈਲੈਂਡ ਮੈਡਲ ਆਫ਼ ਆਨਰ ਨਾਲ ਨਿਵਾਜਿਆ ਗਿਆ।