ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੇਨੇਜ਼ੁਏਲਾ ਦੀ ਵਿਰੋਧੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਵੱਲੋਂ ਆਪਣਾ ਨੋਬਲ ਸ਼ਾਂਤੀ ਇਨਾਮ ਦਾ ਤਮਗਾ ਭੇਟ ਕਰਨ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਕਿ, “ਉਹਨੇ ਖੁਦ ਮੈਨੂੰ ਦਿੱਤਾ ਹੈ।” ਟਰੰਪ ਦਾ ਦਾਅਵਾ ਹੈ ਕਿ ਉਸਨੇ ਅੱਠ ਜੰਗਾਂ ਖਤਮ ਕੀਤੀਆਂ ਹਨ ਅਤੇ ਇਸੇ ਕਾਰਨ ਮਾਚਾਡੋ ਨੇ ਉਸਨੂੰ ਇਹ ਤਮਗਾ ਦੇਣ ਦੀ ਪੇਸ਼ਕਸ਼ ਕੀਤੀ।
ਵੀਰਵਾਰ ਨੂੰ ਵਾਈਟ ਹਾਊਸ ਵਿੱਚ ਮਾਰੀਆ ਕੋਰੀਨਾ ਮਾਚਾਡੋ ਨੇ ਆਪਣਾ ਨੋਬਲ ਸ਼ਾਂਤੀ ਇਨਾਮ ਦਾ ਤਮਗਾ ਰਾਸ਼ਟਰਪਤੀ ਟਰੰਪ ਨੂੰ ਸੌਂਪਿਆ, ਜਿਸਨੂੰ ਟਰੰਪ ਨੇ ਕਬੂਲ ਕਰ ਲਿਆ। ਇਸ ਮੌਕੇ ਟਰੰਪ ਨੇ ਮਾਚਾਡੋ ਦੀ ਭਰਪੂਰ ਤਾਰੀਫ਼ ਕਰਦੇ ਹੋਏ ਉਸਨੂੰ “ਬਹੁਤ ਵਧੀਆ ਔਰਤ” ਕਿਹਾ ਅਤੇ ਇਸ ਕਦਮ ਨੂੰ “ਆਪਸੀ ਸਨਮਾਨ ਦੀ ਸ਼ਾਨਦਾਰ ਨਿਸ਼ਾਨੀ” ਦੱਸਿਆ।
ਜਦੋਂ ਟਰੰਪ ਨੂੰ ਪੁੱਛਿਆ ਗਿਆ ਕਿ ਉਹ ਕਿਸੇ ਹੋਰ ਦਾ ਨੋਬਲ ਇਨਾਮ ਕਿਉਂ ਲੈਣਾ ਚਾਹੁੰਦੇ ਹਨ ਅਤੇ ਇਸ ਤਮਗੇ ਨਾਲ ਉਹ ਕੀ ਕਰਨਗੇ, ਤਾਂ ਟਰੰਪ ਨੇ ਕਿਹਾ, “ਉਹਨੇ ਮੈਨੂੰ ਇਹ ਪੇਸ਼ ਕੀਤਾ। ਮੈਨੂੰ ਇਹ ਬਹੁਤ ਚੰਗਾ ਲੱਗਿਆ। ਉਸਨੇ ਕਿਹਾ ਕਿ ਤੁਸੀਂ ਅੱਠ ਜੰਗਾਂ ਖਤਮ ਕੀਤੀਆਂ ਹਨ ਅਤੇ ਇਤਿਹਾਸ ਵਿੱਚ ਤੁਹਾਡੇ ਤੋਂ ਵੱਧ ਇਸ ਇਨਾਮ ਦਾ ਹੱਕਦਾਰ ਕੋਈ ਨਹੀਂ। ਇਹ ਮੇਰੇ ਲਈ ਬਹੁਤ ਸੁੰਦਰ ਇਸ਼ਾਰਾ ਸੀ।”
ਟਰੰਪ ਨੇ ਅੰਤ ਵਿੱਚ ਮਾਚਾਡੋ ਨੂੰ “ਬਹੁਤ ਹੀ ਉੱਤਮ ਔਰਤ” ਕਹਿ ਕੇ ਉਸਦੀ ਸਿਰਾਹਣਾ ਕੀਤੀ।
ਇਸ ਤੋਂ ਪਹਿਲਾਂ, ਤਮਗਾ ਸੌਂਪਦੇ ਸਮੇਂ ਮਾਚਾਡੋ ਨੇ ਕਿਹਾ ਸੀ ਕਿ ਉਹ ਇਹ ਤਮਗਾ ਟਰੰਪ ਨੂੰ “ਵੇਨੇਜ਼ੁਏਲਾ ਦੀ ਆਜ਼ਾਦੀ ਲਈ ਉਸਦੀ ਵਿਲੱਖਣ ਵਚਨਬੱਧਤਾ ਦੀ ਕਦਰ ਵਜੋਂ” ਦੇ ਰਹੀ ਹੈ। ਮਾਚਾਡੋ ਅਤੇ ਟਰੰਪ ਵਿਚਕਾਰ ਵਾਈਟ ਹਾਊਸ ਵਿੱਚ ਬੰਦ ਕਮਰੇ ਵਿਚ ਮੀਟਿੰਗ ਵੀ ਹੋਈ, ਜਿਸ ਵਿੱਚ ਵੇਨੇਜ਼ੁਏਲਾ ਦੀ ਨੇਤ੍ਰਿਤਵ ਸਥਿਤੀ ਬਾਰੇ ਗੱਲਬਾਤ ਕੀਤੀ ਗਈ।
ਵਾਈਟ ਹਾਊਸ ਤੋਂ ਬਾਹਰ ਆਪਣੇ ਸਮਰਥਕਾਂ ਨਾਲ ਗੱਲ ਕਰਦਿਆਂ ਮਾਚਾਡੋ ਨੇ ਕਿਹਾ, “ਅਸੀਂ ਰਾਸ਼ਟਰਪਤੀ ਟਰੰਪ ‘ਤੇ ਭਰੋਸਾ ਕਰ ਸਕਦੇ ਹਾਂ,” ਜਿਸ ਤੋਂ ਬਾਅਦ ਸਮਰਥਕਾਂ ਨੇ “ਥੈਂਕ ਯੂ, ਟਰੰਪ” ਦੇ ਨਾਅਰੇ ਲਗਾਏ।
ਇਸ ਮਾਮਲੇ ‘ਤੇ ਨਾਰਵੇਜੀਅਨ ਨੋਬਲ ਕਮੇਟੀ ਨੇ ਸਪੱਸ਼ਟ ਕੀਤਾ ਕਿ ਨੋਬਲ ਸ਼ਾਂਤੀ ਇਨਾਮ ਨਾ ਤਾਂ ਸਾਂਝਾ ਕੀਤਾ ਜਾ ਸਕਦਾ ਹੈ, ਨਾ ਹੀ ਟਰਾਂਸਫਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਵਾਪਸ ਲਿਆ ਜਾ ਸਕਦਾ ਹੈ। ਕਮੇਟੀ ਨੇ ਕਿਹਾ ਕਿ ਇਨਾਮ ਦੇ ਦੋ ਮੁੱਖ ਪ੍ਰਤੀਕ — ਸੋਨੇ ਦਾ ਤਮਗਾ ਅਤੇ ਡਿਪਲੋਮਾ — ਭਾਵੇਂ ਕਿਸੇ ਹੋਰ ਦੇ ਕਬਜ਼ੇ ਵਿੱਚ ਆ ਜਾਣ, ਪਰ ਇਤਿਹਾਸ ਵਿੱਚ ਅਸਲੀ ਨੋਬਲ ਇਨਾਮ ਜੇਤੂ ਉਹੀ ਰਹਿੰਦਾ ਹੈ ਜਿਸਨੂੰ ਇਹ ਇਨਾਮ ਦਿੱਤਾ ਗਿਆ ਸੀ।
ਹਾਲਾਂਕਿ, ਨੋਬਲ ਕਮੇਟੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਵੀ ਨੋਬਲ ਜੇਤੂ ‘ਤੇ ਆਪਣੇ ਤਮਗੇ, ਡਿਪਲੋਮਾ ਜਾਂ ਇਨਾਮੀ ਰਕਮ ਨਾਲ ਕੀ ਕਰਨਾ ਹੈ, ਇਸ ਬਾਰੇ ਕੋਈ ਪਾਬੰਦੀ ਨਹੀਂ ਹੈ। ਜੇਤੂ ਆਪਣੀ ਮਰਜ਼ੀ ਨਾਲ ਇਹ ਚੀਜ਼ਾਂ ਰੱਖ ਸਕਦਾ, ਦਾਨ ਕਰ ਸਕਦਾ ਜਾਂ ਕਿਸੇ ਹੋਰ ਨੂੰ ਦੇ ਸਕਦਾ ਹੈ।