ਵਾਸ਼ਿੰਗਟਨ:ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੇਨੇਜ਼ੁਏਲਾ ਦੀ ਵਿਰੋਧੀ ਨੇਤਾ ਅਤੇ ਨੋਬਲ ਅਮਨ ਇਨਾਮ ਜੇਤੂ ਮਾਰੀਆ ਕੋਰੀਨਾ ਮਾਚਾਡੋ ਵੱਲੋਂ ਆਪਣਾ ਨੋਬਲ ਅਮਨ ਇਨਾਮ ਦਾ ਤਮਗਾ ਭੇਟ ਕੀਤਾ ਗਿਆ। ਇਹ ਕਦਮ ਉਸ ਸਮੇਂ ਚੁੱਕਿਆ ਗਿਆ ਜਦੋਂ ਮਾਚਾਡੋ ਨੇ ਵਾਈਟ ਹਾਊਸ ਵਿੱਚ ਟਰੰਪ ਨਾਲ ਮੁਲਾਕਾਤ ਕੀਤੀ।
ਟਰੰਪ ਨੇ ਇਸ ਭੇਟ ਦੀ ਖੁੱਲ੍ਹ ਕੇ ਸਾਰਾਹਨਾ ਕਰਦੇ ਹੋਏ ਆਪਣੇ ਟਰੂਥ ਸੋਸ਼ਲ ਪਲੇਟਫਾਰਮ ‘ਤੇ ਲਿਖਿਆ ਕਿ ਮਾਚਾਡੋ ਵੱਲੋਂ ਨੋਬਲ ਤਮਗਾ ਦੇਣਾ “ਆਪਸੀ ਸਨਮਾਨ ਦਾ ਬਹੁਤ ਸੁੰਦਰ ਸੰਕੇਤ” ਹੈ। ਟਰੰਪ ਨੇ ਮਾਚਾਡੋ ਨੂੰ “ਇੱਕ ਹਿੰਮਤੀ ਅਤੇ ਸ਼ਾਨਦਾਰ ਔਰਤ” ਦੱਸਿਆ।
ਹਾਲਾਂਕਿ, ਨੋਬਲ ਇੰਸਟੀਚਿਊਟ ਨੇ ਸਪਸ਼ਟ ਕੀਤਾ ਹੈ ਕਿ ਨੋਬਲ ਅਮਨ ਇਨਾਮ ਕਿਸੇ ਹੋਰ ਨੂੰ ਟਰਾਂਸਫਰ ਨਹੀਂ ਕੀਤਾ ਜਾ ਸਕਦਾ। ਭਾਵੇਂ ਮਾਚਾਡੋ ਨੇ ਤਮਗਾ ਟਰੰਪ ਨੂੰ ਭੇਟ ਕੀਤਾ ਹੈ, ਪਰ ਨੋਬਲ ਅਮਨ ਇਨਾਮ ਦਾ ਅਧਿਕਾਰ ਅਤੇ ਮਾਨ-ਸਨਮਾਨ ਉਸਦੇ ਨਾਮ ‘ਤੇ ਹੀ ਰਹੇਗਾ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਟਰੰਪ ਇਸ ਤਮਗੇ ਨੂੰ ਆਪਣੇ ਕੋਲ ਰੱਖਣਗੇ।
ਵਾਈਟ ਹਾਊਸ ਤੋਂ ਬਾਹਰ ਨਿਕਲ ਕੇ ਮਾਚਾਡੋ ਨੇ ਪੱਤਰਕਾਰਾਂ ਨੂੰ ਕਿਹਾ,
“ਮੈਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਨੋਬਲ ਅਮਨ ਇਨਾਮ ਦਾ ਤਮਗਾ ਸਾਡੀ ਆਜ਼ਾਦੀ ਲਈ ਉਨ੍ਹਾਂ ਦੀ ਵਚਨਬੱਧਤਾ ਦੇ ਸਨਮਾਨ ਵਜੋਂ ਦਿੱਤਾ ਹੈ।”
ਇਹ ਘਟਨਾ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਟਰੰਪ ਨੇ ਵੇਨੇਜ਼ੁਏਲਾ ਵਿੱਚ ਲੋਕਤੰਤਰ ਦੀ ਬਹਾਲੀ ਨੂੰ ਲੈ ਕੇ ਆਪਣਾ ਰੁਖ ਸਪਸ਼ਟ ਨਹੀਂ ਕੀਤਾ। ਟਰੰਪ ਨੇ ਕਿਹਾ ਹੈ ਕਿ ਮਾਚਾਡੋ ਨੂੰ ਦੇਸ਼ ਅੰਦਰ ਪੂਰਾ ਸਮਰਥਨ ਨਹੀਂ ਮਿਲਦਾ, ਜਦਕਿ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਉਸਦੀ ਪਾਰਟੀ ਨੇ 2024 ਦੀਆਂ ਚੋਣਾਂ ਜਿੱਤੀਆਂ ਸਨ, ਜਿਨ੍ਹਾਂ ਨੂੰ ਸਾਬਕਾ ਰਾਸ਼ਟਰਪਤੀ ਨਿਕੋਲਾਸ ਮਾਦੂਰੋ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਟਰੰਪ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਹ ਵੇਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗਜ਼ ਨਾਲ ਕੰਮ ਕਰਨ ਲਈ ਤਿਆਰ ਹਨ। ਮਾਚਾਡੋ ਨੇ ਕਿਹਾ ਕਿ ਮੁਲਾਕਾਤ ਦੌਰਾਨ ਇਸ ਮਾਮਲੇ ‘ਤੇ ਵਧੇਰੇ ਵੇਰਵੇ ਸਾਹਮਣੇ ਨਹੀਂ ਆਏ।
ਮੀਟਿੰਗ ਤੋਂ ਬਾਅਦ ਮਾਚਾਡੋ ਨੇ ਵਾਈਟ ਹਾਊਸ ਦੇ ਬਾਹਰ ਇਕੱਠੇ ਹੋਏ ਆਪਣੇ ਸਮਰਥਕਾਂ ਨਾਲ ਮੁਲਾਕਾਤ ਕੀਤੀ। ਉਸ ਨੇ ਕਿਹਾ, “ਅਸੀਂ ਰਾਸ਼ਟਰਪਤੀ ਟਰੰਪ ‘ਤੇ ਭਰੋਸਾ ਕਰ ਸਕਦੇ ਹਾਂ,” ਜਿਸ ਤੋਂ ਬਾਅਦ ਸਮਰਥਕਾਂ ਵੱਲੋਂ “ਥੈਂਕ ਯੂ ਟਰੰਪ” ਦੇ ਨਾਅਰੇ ਵੀ ਲਗਾਏ ਗਏ।
ਜ਼ਿਕਰਯੋਗ ਹੈ ਕਿ ਵਾਸ਼ਿੰਗਟਨ ਦੌਰੇ ਤੋਂ ਪਹਿਲਾਂ ਮਾਚਾਡੋ ਕਈ ਮਹੀਨਿਆਂ ਤੱਕ ਜਨਤਕ ਤੌਰ ‘ਤੇ ਸਾਹਮਣੇ ਨਹੀਂ ਆਈ ਸੀ। ਪਿਛਲੇ ਮਹੀਨੇ ਨਾਰਵੇ ਵਿੱਚ ਉਸ ਦੀ ਧੀ ਨੇ ਉਸ ਦੀ ਥਾਂ ਨੋਬਲ ਅਮਨ ਇਨਾਮ ਸਵੀਕਾਰ ਕੀਤਾ ਸੀ। ਮਾਚਾਡੋ ਨੇ ਇਸ ਤੋਂ ਪਹਿਲਾਂ ਵੇਨੇਜ਼ੁਏਲਾ ਵਿੱਚ ਲਗਭਗ 11 ਮਹੀਨੇ ਤੱਕ ਗੁਪਤ ਜੀਵਨ ਵੀ ਬਿਤਾਇਆ।