ਜਲੰਧਰ ਸ਼ਹਿਰ ਦੇ ਲਾਜਪਤ ਨਗਰ ਇਲਾਕੇ ਵਿੱਚ ਕਾਂਗਰਸ ਕੌਂਸਲਰ ਜਸਲੀਨ ਸੇਠੀ ਦੇ ਘਰ ਦਿਨ-ਦਿਹਾੜੇ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਤਿੰਨ ਨਕਾਬਪੋਸ਼ ਲੁਟੇਰੇ ਘਰ ਵਿੱਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ ‘ਤੇ ਘਰ ਵਿੱਚ ਮੌਜੂਦ ਮਹਿਲਾ ਨੂੰ ਬੰਧਕ ਬਣਾ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫਰਾਰ ਹੋ ਗਏ।
ਪੀੜਤ ਮਹਿਲਾ ਪ੍ਰਵੀਨ ਖੰਨਾ ਨੇ ਦੱਸਿਆ ਕਿ ਦੁਪਹਿਰ ਸਮੇਂ ਦਰਵਾਜ਼ੇ ਦੀ ਘੰਟੀ ਵੱਜਣ ‘ਤੇ ਜਿਵੇਂ ਹੀ ਉਨ੍ਹਾਂ ਦਰਵਾਜ਼ਾ ਖੋਲ੍ਹਿਆ, ਤਿੰਨ ਨਕਾਬਪੋਸ਼ ਨੌਜਵਾਨ ਅੰਦਰ ਘੁੱਸ ਆਏ। ਦੋ ਲੁਟੇਰਿਆਂ ਨੇ ਉਨ੍ਹਾਂ ਦਾ ਮੂੰਹ ਘੁੱਟ ਕੇ ਇੱਕ ਕਮਰੇ ਵਿੱਚ ਲੈ ਗਏ, ਜਿੱਥੇ ਬੰਦੂਕ ਦਿਖਾ ਕੇ ਦੋ ਸੋਨੇ ਦੀਆਂ ਚੂੜੀਆਂ, ਟੌਪਸ ਅਤੇ ਅੰਗੂਠੀ ਉਤਾਰ ਲਈ। ਇਸ ਤੋਂ ਬਾਅਦ ਅਲਮਾਰੀ ਦੀ ਤਲਾਸ਼ੀ ਲੈ ਕੇ 17 ਹਜ਼ਾਰ ਰੁਪਏ ਨਕਦ ਵੀ ਲੁੱਟ ਲਏ।
ਵਾਰਦਾਤ ਤੋਂ ਬਾਅਦ ਤਿੰਨੇ ਲੁਟੇਰੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਲੁਟੇਰਿਆਂ ਦੀ ਆਉਣ ਅਤੇ ਭੱਜਣ ਦੀ ਫੁਟੇਜ ਕੈਦ ਹੋ ਗਈ ਹੈ। ਮਹਿਲਾ ਦੇ ਰੌਲਾ ਪਾਉਣ ‘ਤੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਕੌਂਸਲਰ ਜਸਲੀਨ ਸੇਠੀ ਨੇ ਕਿਹਾ ਕਿ ਦਿਨ-ਦਿਹਾੜੇ ਹੋਈ ਲੁੱਟ ਨੇ ਪੁਲਿਸ ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਖੜੇ ਕਰ ਦਿੱਤੇ ਹਨ ਅਤੇ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ। ਥਾਣਾ ਨੰਬਰ 6 ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਜਲਦੀ ਹੀ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।