ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਇੱਕ, ਤਲਵੰਡੀ ਸਾਬੋ ਵਿਖੇ ਸਥਿਤ ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਬਸੰਤ ਰਾਗ ਦੀ ਮਰਿਆਦਾ ਅਨੁਸਾਰ ਸ਼ੁਰੂਆਤ ਕੀਤੀ ਗਈ। ਤਖਤ ਸਾਹਿਬ ਵਿਖੇ ਅਰਦਾਸ ਉਪਰੰਤ ਰਾਤ ਸਮੇਂ ਬਸੰਤ ਰਾਗ ਦਾ ਆਰੰਭ ਹੋਇਆ।
ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਹਾਜ਼ਰ ਰਹੇ। ਬਸੰਤ ਰਾਗ ਦੀ ਇਹ ਮਰਿਆਦਾ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਆਰੰਭ ਕੀਤੀ ਗਈ ਸੀ, ਜਿਸ ਦੀ ਪਰੰਪਰਾ ਅਨੁਸਾਰ ਮਾਘੀ ਤੋਂ ਇੱਕ ਦਿਨ ਪਹਿਲਾਂ ਬਸੰਤ ਰਾਗ ਦੀ ਸ਼ੁਰੂਆਤ ਕੀਤੀ ਜਾਂਦੀ ਹੈ।
ਤਖਤ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਅਰਦਾਸ ਕੀਤੀ ਗਈ, ਜਿਸ ਤੋਂ ਬਾਅਦ ਹਜੂਰੀ ਰਾਗੀ ਜਥੇ ਵੱਲੋਂ ਬਸੰਤ ਰਾਗ ਗਾਇਨ ਕਰਕੇ ਇਸ ਦੀ ਆਰੰਭਤਾ ਕੀਤੀ ਗਈ।
ਇਸ ਮੌਕੇ ਦੱਸਿਆ ਗਿਆ ਕਿ ਬਸੰਤ ਰਾਗ ਮਾਘੀ ਤੋਂ ਲੈ ਕੇ ਹੋਲੇ ਮਹੱਲੇ ਤੱਕ ਗੁਰੂ ਕੇ ਕੀਰਤਨੀਆਂ ਵੱਲੋਂ ਪੜ੍ਹਿਆ ਜਾਂਦਾ ਹੈ ਅਤੇ ਹੋਲੇ ਮਹੱਲੇ ਮੌਕੇ ਇਸ ਦੀ ਸਮਾਪਤੀ ਹੁੰਦੀ ਹੈ। ਬਸੰਤ ਰਾਗ ਦੀ ਇਹ ਮਰਿਆਦਾ ਸੰਗਤਾਂ ਦੇ ਮਨਾਂ ਵਿੱਚ ਆਤਮਿਕ ਖਿੜਾਉ ਅਤੇ ਗੁਰਬਾਣੀ ਪ੍ਰਤੀ ਸ਼ਰਧਾ ਪੈਦਾ ਕਰਦੀ ਹੈ।
ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਸੁਹਾਵਣਾ ਸਮਾਂ ਸੰਗਤਾਂ ਦੇ ਹਿਰਦਿਆਂ ਵਿੱਚ ਨਾਮ ਅਤੇ ਬਾਣੀ ਦਾ ਪ੍ਰਕਾਸ਼ ਕਰੇ—ਇਹੀ ਅਰਦਾਸ ਕੀਤੀ ਗਈ।