ਰੂਸ ਨੇ ਯੂਕਰੇਨ ‘ਤੇ ਇੱਕ ਹੋਰ ਵੱਡਾ ਹਮਲਾ ਕੀਤਾ ਹੈ। ਇਹ ਚਾਰ ਦਿਨਾਂ ਵਿੱਚ ਯੂਕਰੇਨ ‘ਤੇ ਕੀਤਾ ਗਿਆ ਚੌਥਾ ਵੱਡਾ ਡਰੋਨ ਹਮਲਾ ਹੈ, ਜਿਸ ਵਿੱਚ ਇਸ ਵਾਰ ਮੁੱਖ ਤੌਰ ‘ਤੇ ਪਾਵਰ ਗਰਿੱਡ ਨੂੰ ਨਿਸ਼ਾਨਾ ਬਣਾਇਆ ਗਿਆ। ਇਹ ਹਮਲੇ ਰੂਸ–ਯੂਕਰੇਨ ਜੰਗ ਨੂੰ ਰੋਕਣ ਲਈ ਅਮਰੀਕਾ ਦੀਆਂ ਕੋਸ਼ਿਸ਼ਾਂ ਨੂੰ ਵੀ ਝਟਕਾ ਮੰਨੇ ਜਾ ਰਹੇ ਹਨ। ਦੋਵਾਂ ਦੇਸ਼ਾਂ ਵਿਚਕਾਰ ਜੰਗ ਲਗਭਗ ਚਾਰ ਸਾਲਾਂ ਤੋਂ ਜਾਰੀ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜ਼ੇਲੇਨਸਕੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਰੂਸ ਨੇ ਕਰੀਬ 300 ਡਰੋਨ, 18 ਬੈਲਿਸਟਿਕ ਮਿਜ਼ਾਈਲਾਂ ਅਤੇ ਸੱਤ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ। ਰਾਤ ਭਰ ਚੱਲੇ ਹਮਲਿਆਂ ਦੌਰਾਨ ਅੱਠ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉੱਤਰ-ਪੂਰਬੀ ਖਾਰਕਿਵ ਵਿੱਚ ਇੱਕ ਡਾਕ ਡਿਪੂ ‘ਤੇ ਹਮਲੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ।
ਹਮਲਿਆਂ ਨਾਲ ਕੀਵ ਖੇਤਰ ਦੇ ਸੈਂਕੜੇ ਘਰਾਂ ਦੀ ਬਿਜਲੀ ਗੁਲ ਹੋ ਗਈ। ਰਾਜਧਾਨੀ ਕੀਵ ਇਸ ਸਮੇਂ ਭਿਆਨਕ ਸਰਦੀ ਦੀ ਚਪੇਟ ਵਿੱਚ ਹੈ, ਜਿੱਥੇ ਦਿਨ ਦਾ ਤਾਪਮਾਨ ਮਨਫੀ 12 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ ਹੈ। ਬਰਫ਼ ਨਾਲ ਢੱਕੀਆਂ ਸੜਕਾਂ ਅਤੇ ਜਨਰੇਟਰਾਂ ਦੀ ਲਗਾਤਾਰ ਆਵਾਜ਼ ਸ਼ਹਿਰ ਦੀ ਹਾਲਤ ਬਿਆਨ ਕਰ ਰਹੀ ਹੈ।
ਸਥਾਨਕ ਅਧਿਕਾਰੀਆਂ ਮੁਤਾਬਕ ਖਾਰਕਿਵ ਖੇਤਰ ਵਿੱਚ 10 ਲੋਕ ਜ਼ਖਮੀ ਹੋਏ ਹਨ, ਜਦਕਿ ਦੱਖਣੀ ਸ਼ਹਿਰ ਓਡੇਸਾ ਵਿੱਚ ਛੇ ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਖੇਤਰੀ ਫੌਜੀ ਪ੍ਰਸ਼ਾਸਨ ਦੇ ਮੁਖੀ ਓਲੇਹ ਕਿਪਰ ਨੇ ਦੱਸਿਆ ਕਿ ਹਮਲਿਆਂ ਕਾਰਨ ਊਰਜਾ ਗਰਿੱਡ ਦੇ ਨਾਲ-ਨਾਲ ਇੱਕ ਹਸਪਤਾਲ, ਕਿੰਡਰਗਾਰਟਨ, ਸਿੱਖਿਆ ਸੰਸਥਾ ਅਤੇ ਕਈ ਰਿਹਾਇਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਰੂਸੀ ਹਮਲਿਆਂ ਨਾਲ ਕਠੋਰ ਸਰਦੀਆਂ ਵਿੱਚ ਯੂਕਰੇਨੀ ਨਾਗਰਿਕਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਰੁਕਾਵਟ ਪੈ ਰਹੀ ਹੈ। ਯੂਕਰੇਨੀ ਅਧਿਕਾਰੀਆਂ ਨੇ ਰੂਸ ਦੀ ਇਸ ਰਣਨੀਤੀ ਨੂੰ “ਠੰਢ ਨੂੰ ਹਥਿਆਰ ਬਣਾਉਣ” ਦੀ ਕੋਸ਼ਿਸ਼ ਕਰਾਰ ਦਿੱਤਾ ਹੈ।