ਹੁਸ਼ਿਆਰਪੁਰ ਦੇ ਮੁਹੱਲਾ ਇਸਲਾਮਾਬਾਦ ਵਿੱਚ ਅੱਜ ਦੋ ਨੌਜਵਾਨਾਂ ‘ਤੇ ਚਾਰ ਲੋਕਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋ ਨੌਜਵਾਨ ਗੋਲਗੱਪੇ ਖਾਣ ਤੋਂ ਬਾਅਦ ਜਦੋਂ ਆਪਣੀ ਕਾਰ ਵੱਲ ਵੱਧ ਰਹੇ ਸਨ, ਤਾਂ ਦੂਜੇ ਪਾਸੇ ਤੋਂ ਆ ਰਹੇ ਦੋ ਆਦਮੀਆਂ ਅਤੇ ਦੋ ਮਹਿਲਾਵਾਂ ਨੇ ਉਨ੍ਹਾਂ ਨੂੰ ਰੋਕ ਕੇ ਪਿਸਤੌਲ ਤਾਣ ਲਈ ਅਤੇ ਤਿੰਨ ਤੋਂ ਚਾਰ ਗੋਲੀਆਂ ਚਲਾ ਦਿੱਤੀਆਂ।
ਗਨੀਮਤ ਰਹੀ ਕਿ ਕਿਸੇ ਨੌਜਵਾਨ ਨੂੰ ਗੋਲੀ ਨਹੀਂ ਲੱਗੀ। ਇੱਕ ਗੋਲੀ ਕਾਰ ਵਿੱਚ ਲੱਗੀ, ਜਦਕਿ ਇੱਕ ਗੋਲੀ ਪੀੜਤ ਸਾਹਿਲ ਦੇ ਸਿਰ ਨੂੰ ਛੁਹ ਕੇ ਲੰਘ ਗਈ। ਪੀੜਤਾਂ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਦੁਸ਼ਮਣੀ ਨਹੀਂ ਸੀ।
ਸਾਹਿਲ ਮੁਤਾਬਕ, ਘਟਨਾ ਦੌਰਾਨ ਇੱਕ ਔਰਤ ਨੇ ਉਸਦੇ ਗਲੇ ਵਿੱਚੋਂ ਸੋਨੇ ਦੀ ਚੇਨ ਵੀ ਤੋੜ ਲਈ। ਹਮਲੇ ਦੇ ਕਾਰਨ ਨੂੰ ਲੈ ਕੇ ਪੀੜਤਾਂ ਨੇ ਅਗਿਆਨਤਾ ਜਤਾਈ ਹੈ।
ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਗੋਲੀਆਂ ਦੇ ਖੋਲ ਬਰਾਮਦ ਕਰ ਲਏ। ਪੁਲਿਸ ਨੇ ਮਾਮਲਾ ਦਰਜ ਕਰਕੇ ਨੇੜਲੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਮਲਾਵਰਾਂ ਦੀ ਪਹਿਚਾਣ ਅਤੇ ਗ੍ਰਿਫ਼ਤਾਰੀ ਕੀਤੀ ਜਾ ਸਕੇ।