ਲੁਧਿਆਣਾ ਪੁਲਿਸ ਨੇ ਪਟਿਆਲਾ ਅਧਾਰਿਤ ਦੋ ਟਰੈਵਲ ਏਜੰਟਾਂ ਖ਼ਿਲਾਫ਼ ਚਾਰ ਨੌਜਵਾਨਾਂ ਨੂੰ ਰੂਸ ਭੇਜ ਕੇ ਠੱਗੀ ਕਰਨ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਇਕ ਬਲੈਕਲਿਸਟਡ ਯੂਨੀਵਰਸਿਟੀ ਵਿੱਚ ਦਾਖ਼ਲਾ ਦਿਵਾਇਆ, ਜਿੱਥੇ ਸਥਾਨਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਆਰੋਪੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਸੰਦੀਪ ਸਿੰਘ ਵਜੋਂ ਹੋਈ ਹੈ, ਜੋ ਜਮਾਲਪੁਰ ਦੇ ਜੀਟੀਬੀ ਨਗਰ, 33 ਫੁੱਟ ਰੋਡ ‘ਤੇ ਸਥਿਤ ਖ਼ਾਲਸਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕਨਸਲਟੈਂਟ ਦੇ ਮਾਲਕ ਹਨ।
ਪਟਿਆਲਾ ਦੇ ਸਿਰਹਿੰਦ ਰੋਡ ਸਥਿਤ ਆਜ਼ਾਦ ਨਗਰ ਦੇ ਰਹਿਣ ਵਾਲੇ ਸਾਹਿਲ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸ਼ਿਕਾਇਤ ਮੁਤਾਬਕ ਸਾਹਿਲ ਸਿੰਘ ਤੋਂ ਆਰੋਪੀਆਂ ਨੇ 14 ਲੱਖ ਰੁਪਏ ਲਏ, ਜਦਕਿ ਬਾਕੀ ਤਿੰਨ ਪੀੜਤ ਨੌਜਵਾਨਾਂ ਤੋਂ ਵੀ ਨਕਦ ਅਤੇ ਆਨਲਾਈਨ ਲੈਣ-ਦੇਣ ਰਾਹੀਂ ਕਈ ਲੱਖ ਰੁਪਏ ਵਸੂਲੇ ਗਏ।
ਸ਼ਿਕਾਇਤ ਅਨੁਸਾਰ, ਇਮੀਗ੍ਰੇਸ਼ਨ ਕੰਪਨੀ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਇਸ਼ਤਿਹਾਰਬਾਜ਼ੀ ਰਾਹੀਂ ਨੌਜਵਾਨਾਂ ਦਾ ਏਜੰਟਾਂ ਨਾਲ ਸੰਪਰਕ ਹੋਇਆ ਸੀ। ਏਜੰਟਾਂ ਨੇ ਵਿਦੇਸ਼ੀ ਯੂਨੀਵਰਸਿਟੀ ਵਿੱਚ ਦਾਖ਼ਲਾ, ਵਿੱਜ਼ਾ ਅਤੇ ਯਾਤਰਾ ਦੀਆਂ ਪੂਰੀਆਂ ਵਿਵਸਥਾਵਾਂ ਦਾ ਭਰੋਸਾ ਦਿੱਤਾ ਸੀ।
ਐਫ਼ਆਈਆਰ ਮੁਤਾਬਕ, ਰੂਸ ਪਹੁੰਚਣ ‘ਤੇ ਨੌਜਵਾਨਾਂ ਨੂੰ ਕਈ ਦਿਨਾਂ ਤੱਕ ਹਿਰਾਸਤ ਵਿੱਚ ਰੱਖਿਆ ਗਿਆ, ਉਨ੍ਹਾਂ ਦਾ ਸਮਾਨ ਅਤੇ ਨਿੱਜੀ ਸਮੱਗਰੀ ਜ਼ਬਤ ਕਰ ਲਈ ਗਈ, ਜਿਸ ਕਾਰਨ ਉਹ ਵਿਦੇਸ਼ੀ ਧਰਤੀ ‘ਤੇ ਫਸ ਕੇ ਰਹਿ ਗਏ।
ਪੁਲਿਸ ਨੇ ਇਹ ਕੇਸ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 318(4), 61(2) ਅਤੇ ਇਮੀਗ੍ਰੇਸ਼ਨ ਐਕਟ ਦੀ ਧਾਰਾ 24 ਤਹਿਤ ਦਰਜ ਕੀਤਾ ਹੈ। ਪੁਲਿਸ ਮੁਤਾਬਕ, ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।