ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਰਾਨ ਦੀ ਨੇਤ੍ਰਤਾ—ਜਿਸ ਦੀ ਅਗਵਾਈ ਸਰਵੋਚ ਨੇਤਾ ਆਯਤੁੱਲਾਹ ਸਈਦ ਅਲੀ ਹੋਸੈਨੀ ਖ਼ਾਮਨੇਈ ਕਰ ਰਹੇ ਹਨ—ਨੇ ਉਨ੍ਹਾਂ ਨਾਲ ਸੰਪਰਕ ਕਰਕੇ “ਗੱਲਬਾਤ” ਦੀ ਇੱਛਾ ਜਤਾਈ ਹੈ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਇਰਾਨ ਵਿੱਚ ਵੱਡੇ ਪੱਧਰ ‘ਤੇ ਸਰਕਾਰ ਵਿਰੋਧੀ ਪ੍ਰਦਰਸ਼ਨ ਜਾਰੀ ਹਨ।
ਐਤਵਾਰ ਨੂੰ ਏਅਰ ਫੋਰਸ ਵਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, “ਇਰਾਨ ਦੇ ਨੇਤਾਵਾਂ ਨੇ ਕੱਲ੍ਹ ਫ਼ੋਨ ਕੀਤਾ। ਇੱਕ ਮੀਟਿੰਗ ਤੈਅ ਕੀਤੀ ਜਾ ਰਹੀ ਹੈ… ਉਹ ਗੱਲਬਾਤ ਕਰਨਾ ਚਾਹੁੰਦੇ ਹਨ।” ਹਾਲਾਂਕਿ ਉਨ੍ਹਾਂ ਨੇ ਇਹ ਵੀ ਜੋੜਿਆ ਕਿ “ਮੀਟਿੰਗ ਤੋਂ ਪਹਿਲਾਂ ਸਾਨੂੰ ਕਾਰਵਾਈ ਵੀ ਕਰਨੀ ਪੈ ਸਕਦੀ ਹੈ।”
ਟਰੰਪ ਨੇ ਇਰਾਨੀ ਹਕੂਮਤ ‘ਤੇ ਹਿੰਸਾ ਰਾਹੀਂ ਸ਼ਾਸਨ ਕਰਨ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਕੁਝ ਲੋਕ ਮਾਰੇ ਗਏ ਹਨ। “ਲੱਗਦਾ ਹੈ ਕਿ ਕੁਝ ਅਜਿਹੇ ਲੋਕ ਮਾਰੇ ਗਏ ਹਨ ਜਿਨ੍ਹਾਂ ਨੂੰ ਮਾਰਿਆ ਨਹੀਂ ਜਾਣਾ ਚਾਹੀਦਾ ਸੀ। ਜੇ ਇਨ੍ਹਾਂ ਨੂੰ ਨੇਤਾ ਕਹੀਏ ਤਾਂ ਇਹ ਹਿੰਸਕ ਨੇਤਾ ਹਨ—ਮੈਨੂੰ ਨਹੀਂ ਪਤਾ ਇਹ ਨੇਤਾ ਹਨ ਜਾਂ ਸਿਰਫ਼ ਹਿੰਸਾ ਨਾਲ ਰਾਜ ਕਰਦੇ ਹਨ,” ਟਰੰਪ ਨੇ ਕਿਹਾ।
ਅਮਰੀਕੀ ਰਾਸ਼ਟਰਪਤੀ ਨੇ ਦੱਸਿਆ ਕਿ ਅਮਰੀਕੀ ਫੌਜ ਹਾਲਾਤ ‘ਤੇ ਕਰੀਬੀ ਨਿਗਰਾਨੀ ਕਰ ਰਹੀ ਹੈ। “ਅਸੀਂ ਇਸਨੂੰ ਬਹੁਤ ਗੰਭੀਰਤਾ ਨਾਲ ਦੇਖ ਰਹੇ ਹਾਂ। ਫੌਜ ਵੀ ਦੇਖ ਰਹੀ ਹੈ ਅਤੇ ਅਸੀਂ ਕੁਝ ਬਹੁਤ ਸਖ਼ਤ ਵਿਕਲਪਾਂ ‘ਤੇ ਵਿਚਾਰ ਕਰ ਰਹੇ ਹਾਂ। ਫ਼ੈਸਲਾ ਕੀਤਾ ਜਾਵੇਗਾ,” ਉਨ੍ਹਾਂ ਨੇ ਕਿਹਾ।
ਜਦੋਂ ਪੁੱਛਿਆ ਗਿਆ ਕਿ ਕੀ ਇਰਾਨ ਨੇ ਕੋਈ ਲਾਲ ਲਕੀਰ ਪਾਰ ਕੀਤੀ ਹੈ, ਟਰੰਪ ਨੇ ਖ਼ਾਸ ਫੌਜੀ ਯੋਜਨਾਵਾਂ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ। “ਕੀ ਮੈਂ ਦੱਸਾਂ ਕਿ ਕਿੱਥੇ ਹਮਲਾ ਕਰਾਂਗੇ, ਕਦੋਂ ਕਰਾਂਗੇ ਅਤੇ ਕਿਸ ਕੋਣ ਤੋਂ? ਨਹੀਂ,” ਉਨ੍ਹਾਂ ਨੇ ਕਿਹਾ।
ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਰਾਨ ਦੇ ਅੰਦਰਲੇ ਹਾਲਾਤਾਂ ਬਾਰੇ “ਹਰ ਘੰਟੇ” ਅੱਪਡੇਟ ਮਿਲ ਰਹੇ ਹਨ। ਮੌਤਾਂ ਬਾਰੇ ਰਿਪੋਰਟਾਂ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਭੀੜ ਵਿੱਚ ਮਚੀ ਅਫ਼ਰਾਤਫ਼ਰੀ ਅਤੇ ਕੁਚਲੇ ਜਾਣ ਕਾਰਨ ਮਰੇ, ਜਦਕਿ ਕੁਝ ਨੂੰ ਗੋਲੀਆਂ ਲੱਗੀਆਂ।
ਇਰਾਨ ਜਾਂ ਉਸਦੇ ਸਹਿਯੋਗੀਆਂ ਵੱਲੋਂ ਸੰਭਾਵਿਤ ਜਵਾਬੀ ਕਾਰਵਾਈ ਦੇ ਸਵਾਲ ‘ਤੇ ਟਰੰਪ ਨੇ ਸਖ਼ਤ ਚੇਤਾਵਨੀ ਦਿੱਤੀ। “ਜੇ ਉਹ ਅਜਿਹਾ ਕਰਦੇ ਹਨ, ਤਾਂ ਅਸੀਂ ਉਨ੍ਹਾਂ ਨੂੰ ਉਸ ਪੱਧਰ ‘ਤੇ ਮਾਰਾਂਗੇ, ਜਿਹੋ ਜਿਹਾ ਉਨ੍ਹਾਂ ਨੇ ਕਦੇ ਨਹੀਂ ਦੇਖਿਆ ਹੋਵੇਗਾ। ਉਹ ਯਕੀਨ ਵੀ ਨਹੀਂ ਕਰਨਗੇ,” ਉਨ੍ਹਾਂ ਨੇ ਕਿਹਾ।
ਟਰੰਪ ਨੇ ਕਿਹਾ ਕਿ ਇਰਾਨ ਨੂੰ ਅਮਰੀਕਾ ਦੀ ਨੀਅਤ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ। “ਕੀ ਤੁਹਾਨੂੰ ਨਹੀਂ ਲੱਗਦਾ ਕਿ ਉਹ ਤੁਹਾਡੀਆਂ ਧਮਕੀਆਂ ਨੂੰ ਗੰਭੀਰਤਾ ਨਾਲ ਲੈਂਦੇ ਹਨ?” ਉਨ੍ਹਾਂ ਨੇ ਇੱਕ ਰਿਪੋਰਟਰ ਨੂੰ ਕਿਹਾ, ਪਿਛਲੀਆਂ ਅਮਰੀਕੀ ਕਾਰਵਾਈਆਂ ਦਾ ਹਵਾਲਾ ਦਿੰਦਿਆਂ।
ਟਰੰਪ ਨੇ ਇਹ ਨਹੀਂ ਦੱਸਿਆ ਕਿ ਕੀ ਇਸ ਮਾਮਲੇ ‘ਤੇ ਅਮਰੀਕਾ ਨੇ ਆਪਣੇ ਸਹਿਯੋਗੀ ਦੇਸ਼ਾਂ ਨਾਲ ਸਲਾਹ-ਮਸ਼ਵਰਾ ਕੀਤਾ ਹੈ ਜਾਂ ਕਿਸੇ ਫ਼ੈਸਲੇ ਲਈ ਕੋਈ ਸਮਾਂ-ਸੀਮਾ ਹੈ।
ਗੌਰਤਲਬ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਇਰਾਨ ਦੇ ਕਈ ਸ਼ਹਿਰਾਂ ਵਿੱਚ ਹਜ਼ਾਰਾਂ ਲੋਕ ਮੌਜੂਦਾ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।