ਔਕਲੈਂਡ, 11 ਜਨਵਰੀ 2026:-ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਅੱਜ 12ਵਾਂ ਮਹਾਨ ਸਫ਼ਲਤਾ ਪੂਰਵਕ ਨਗਰ ਕੀਰਤਨ (ਸਿੱਖ ਪ੍ਰੇਡ)ੇ 11 ਵਜੇ ਤੋਂ 2 ਵਜੇ ਤੱਕ ਸਜਾਇਆ ਗਿਆ। ਇਸ ਸਬੰਧੀ ਅੱਜ ਸ੍ਰੀ ਅਖੰਠ ਪਾਠ ਸਾਹਿਬ ਦੇ ਭੋਗ ਪਾਏ ਗਏ। ਅਰਦਾਸ ਉਪਰੰਤ ਨਗਰ ਕੀਰਤਨ ਦੀ ਆਰੰਭਤਾ ਹੋਈ। ਨਗਰ ਕੀਰਤਨ ਦੇ ਵਿਚ ਜਿੱਥੇ ਗੁਰਬਾਣੀ ਕੀਰਤਨ (ਭਾਈ ਕਰਮਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਕੇਸਗੜ੍ਹ ਸਾਹਿਬ) ਦਾ ਜੱਥਾ ਗੁਰਬਾਣੀ ਗਾਇਨ ਕੀਤੀ ਉਥੇ ਬੱਚਿਆਂ ਨੇ ਕਵੀਸ਼ਰੀ ਅਤੇ ਹੋਰ ਕਵਿਤਾਵਾਂ ਦੇ ਨਾਲ ਨਗਰ ਕੀਰਤਨ ਦੇ ਵਿਚ ਜੋਸ਼ ਭਰਿਆ। ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਵਿਚ ਰਵਾਨਾ ਹੋਇਆ। ਪਹਿਲਾ ਵੱਡਾ ਪੜਾਅ ‘ਟੋਰੰਗਾ ਬੁਆਏਜ਼ ਕਾਲਜ’ ਕੈਮਰਨ ਰੋਡ ਵਿਖੇ ਹੋਇਆ ਜਿੱਥੇ ਸੰਗਤ ਨੇ ਗਤਕੇ ਦੇ ਜੌਹਰ ਵੇਖੇ। ਬੇਅ ਆਫ ਪਲੈਂਟੀ ‘ਪਾਈਪ ਐਂਡ ਡਰੱਮ’ ਵਾਲਾ ਮਿਊਜ਼ਿਕ ਬੈਂਡ ਸੰਗੀਤਕ ਧੁਨਾਂ ਨੇ ਬਹੁਤ ਸੋਹਣਾ ਮਾਹੌਲ ਸਿਰਜਿਆ।
ਗੁਰੂ ਸਾਹਿਬ ਦੇ ਸਰੂਪ ਸੁੰਦਰ ਸਜੇ ਖੁੱਲ੍ਹੇ ਟਰੱਕ ਦੇ ਉਤੇ ਸਜਾਇਆ ਗਿਆ। ਇਸ ਤੋਂ ਇਲਾਵਾ ਹੋਰ ਟਰੱਕ ਵੀ ਸੰਗਤ ਅਤੇ ਗੁਰੂ ਜਸ ਸਰਵਣ ਕਰਵਾਉਣ ਵਾਸਤੇ ਸ਼ਾਮਿਲ ਸਨ।
ਸੁਰੱਖਿਆ ਵਿੱਚ ਵਾਧਾ: ਪ੍ਰਬੰਧਕਾਂ ਅਤੇ ਸਥਾਨਕ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਵਲੰਟੀਅਰਾਂ (ਸੇਵਾਦਾਰਾਂ) ਦੀ ਗਿਣਤੀ ਵਧਾਈ ਗਈ ਤਾਂ ਕਿ ਕਿਸੀ ਵੀ ਸ਼ਰਾਰਤੀ ਅਨਸਰ ’ਤੇ ਨਜ਼ਰ ਰੱਖੀ ਜਾ ਸਕੇ। ਸੁਰੱਖਿਆ ਦੇ ਲਈ ਜਿੱਥੇ ਪ੍ਰਾਈਵੇਟ ਪ੍ਰਬੰਧ ਕੀਤੇ ਗਏ ਉਥੇ ਪੁਲਿਸ ਦੀਆਂ ਵੀ ਜਿਆਦਾ ਸੇਵਾਵਾਂ ਵਰਤੀਆਂ ਗਈਆਂ।
ਖਲਲ ਪਾਉਣ ਦੀ ਕੋਸ਼ਿਸ਼ ਹੋਈ...
-ਪਹਿਲਾਂ ਦੀ ਤਰ੍ਹਾਂ ਨੀਲੇ ਰੰਗ ਦੇ ਕੱਪੜੇ ਅਤੇ ਬੈਨਰ
ਲੈ ਕੇ ਆਏ ਸਾਹਮਣੇ-ਹਾਕਾ ਕੀਤਾ ਤੇ ਚਲੇ ਗਏ
ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਤੋਂ ਸਜਿਆ ਕੀਰਤਨ ਜਦੋਂ ਪਹਿਲੇ ਪੜਾਅ ਤੋਂ ਬਾਅਦ ਅੱਗੇ ਵਧਿਆ ਤਾਂ ਪਤਾ ਲੱਗਾ ਕਿ ਵਾਪਸੀ ਵਾਲੇ ਰਾਹ ਉਤੇ ਉਹੀ ਸ਼ਰਾਰਤੀ ਅਨਸਰ ਜਿਨ੍ਹਾਂ ਨੇ ਪਹਿਲਾਂ ਔਕਲੈਂਡ ਵਿਖੇ ਨਗਰ ਕੀਰਤਨ ਦੇ ਵਿਚ ਖਲਲ ਪਾਇਆ ਸੀ ਇਕੱਤਰ ਹੋਏ ਹਨ ਤਾਂ ਪੁਲਿਸ ਨੇ ਨਗਰ ਕੀਰਤਨ ਦਾ ਰੂਟ ਬਦਲਣ ਦੀ ਸਲਾਹ ਦਿੱਤੀ। ਨਗਰ ਕੀਰਤਨ ਗੁਰੂ ਦੇ ਜਸ ਗਾਉਂਦਾ ਅੱਗੇ ਵਧਿਆ ਐਨੇ ਨੂੰ ਓਹ ਸ਼ਰਾਰਤੀ ਦੂਜੇ ਪਾਸੇ ਹੋ ਕੇ ਪਹਿਲਾਂ ਹੀ ਆਪਣਾ ਹਾਕਾ ਕਰਨ ਲੱਗੇ। ਪੁਲਿਸ ਨੇ ਆਪਣੀ ਲਾਈਨ ਬਣਾ ਲਈ ਅਤੇ ਹੋਰ ਸੰਗਤ ਵੀ ਸੁਚੇਤ ਹੋ ਗਈ ਸੀ। ਕੁਝ ਮਿੰਟਾ ਦਾ ਹਾਕਾ ਕਰਕੇ ਉਹ ਖਿਸਕ ਗਏ ਅਤੇ ਨਗਰ ਕੀਰਤਨ ਸਫਲਤਾ ਪੂਰਵਕ ਗੁਰਦੁਆਰਾ ਸਾਹਿਬ ਬਿਨਾਂ ਕਿਸੇ ਬੇਅਦਬੀ ਦੇ ਪਹੁੰਚ ਗਿਆ। ਸਿੱਖ ਕੌਂਸਿਲ ਆਫ ਨਿਊਜ਼ੀਲੈਂਡ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਔਕਲੈਂਡ ਦੇ ਮੁਕਾਬਲੇ ਬਿਲਕੁਲ ਨਾ ਮਾਤਰ ਖਲਲ ਸੀ। ਸਮੂਹ ਸੰਗਤ ਬੜੇ ਆਰਾਮ ਨਾਲ ਵਾਪਿਸ ਪਹੁੰਚੀ। ਹਾਕਾ ਕਰਕੇ ਨੌਜਵਾਨ ਚਲੇ ਗਏ। ਪੁਲਿਸ ਨੇ ਸੰਜਮ ਦੇ ਨਾਲ ਸਾਰੀ ਸਥਿਤੀ ਨੂੰ ਕਾਬੂ ਕੀਤਾ।
ਵਰਨਣਯੋਗ ਹੈ ਕਿ ਇਸਦੇ ਪਿੱਛੇ ਬ੍ਰਾਇਨ ਟਾਮਾਕੀ ਨਾਂਅ ਦਾ ਸਖਸ਼ ਹੈ ਅਤੇ ਉਸਨੇ ਇਸ ਸਬੰਧੀ ਕਈ ਪੋਸਟਾਂ ਅੱਜ ਪਾਈਆਂ।