ਇੱਕ ਮਹਾਨ ਗੁਰਸਿੱਖ, ਉੱਚੇ ਖਾਨਦਾਨ ਵਿੱਚ ਜਨਮੇ, ਸਰਦਾਰ ਜੈਤੇਗ ਸਿੰਘ ਜੀ ਅਨੰਤ ਮੇਰੇ ਲਈ ਗੁਰੂ ਕੇ ਭੇਜੇ ਹੋਏ ਵਧੀਆ ਮਿੱਤਰ, ਪਰ ਉਪਕਾਰੀ ਬਣ ਕੇ; ਹਰ ਥਾਂ ਮੇਰੇ ਵੱਡੇ ਸਹਾਇਕ ਬਣੇ। ਇਹਨਾਂ ਦੀ ਵਾਕਫੀ ਮੇਰੇ ਨਾਲ ਫੋਟੋਗ੍ਰਾਫੀ ਦੇ ਕਾਰਨ ਹੋਈ। ਮੈਂ ਬਚਪਨ ਤੋਂ ਫੋਟੋਗ੍ਰਾਫੀ ਕਰਦਾ ਸਾਂ। ਜਵਾਨੀ ਵਿੱਚ ਫੋਟੋਗ੍ਰਾਫੀ ਦਾ ਸ਼ੌਕ ਹੋਰ ਗੂੜਾ ਹੋ ਗਿਆ, ਜਿਸ ਕਾਰਨ ਗੁਰੂ ਦੀ ਕਿਰਪਾ ਨਾਲ ਫੋਟੋਗ੍ਰਾਫੀ ਦੇ ਖੇਤਰ ਵਿੱਚ ਮੇਰਾ ਚੰਗਾ ਨਾਮ ਹੋ ਗਿਆ। ਬਹੁਤ ਸਾਰੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਪੁਰਸਕਾਰ ਵੀ ਮਿਲੇ।
ਮੇਰੇ ਵਿਦਿਆ ਗੁਰੂ "ਸ੍ਰੀ ਓਮ ਪ੍ਰਕਾਸ਼ ਜੀ ਸ਼ਰਮਾ" ਫੋਟੋਗ੍ਰਾਫੀ ਦੇ ਧੁਰੰਤਰ ਵਿਦਵਾਨ ਹਨ , ਫੋਟੋਗ੍ਰਾਫੀ ਪੜ੍ਹਾਉਣ ਵਿੱਚ ਅਤਿਅੰਤ ਸੁਯੋਗ ਅਧਿਆਪਕ ਸਨ। ਉਹ ਦਿੱਲੀ ਦੇ ਬਹੁਤ ਨਾਮੀ ਵਿਦਿਆਲੇ "ਮਾਡਰਨ ਸਕੂਲ" ਵਿੱਚ ਫੋਟੋਗਰਾਫੀ ਪੜ੍ਹਾਉਂਦੇ ਸਨ। ਉਥੇ ਰਹਿੰਦਿਆਂ ਹੀ ਉਹਨਾਂ ਵੱਲੋਂ ਇੱਕ ਸੰਸਥਾ "ਇੰਡੀਆ ਇੰਟਰਨੈਸ਼ਨਲ ਫੋਟੋਗ੍ਰਾਫੀ ਕੌਂਸਲ" ਬਣਾਈ ਗਈ ਸੀ ਤਾਂ ਕਿ, ਇਕ ਅੰਤਰਰਾਸ਼ਟਰੀ ਫੋਟੋਗ੍ਰਾਫੀ ਸੰਸਥਾ ਦੀ ਭਾਰਤ ਵਿੱਚ ਵੀ ਸਥਾਪਨਾ ਕੀਤੀ ਜਾ ਸਕੇ। ਕਿਉਂਕਿ, ਇਸ ਤੋਂ ਪਹਿਲੋਂ ਜਿੰਨੀਆਂ ਅੰਤਰਰਾਸ਼ਟਰੀ ਫੋਟੋਗ੍ਰਾਫੀ ਸੰਸਥਾਵਾਂ ਸਨ; ਉਹ ਸਾਰੀਆਂ ਇੰਗਲੈਂਡ, ਅਮਰੀਕਾ, ਫਰਾਂਸ ਆਦਿ ਬਾਹਰਲੇ ਦੇਸ਼ਾਂ ਵਿੱਚ ਹੀ ਸਨ। ਭਾਰਤ ਵਿੱਚ ਫੋਟੋਗ੍ਰਾਫੀ ਦੀ ਕੋਈ ਅੰਤਰਰਾਸ਼ਟਰੀ ਸੰਸਥਾ ਨਹੀਂ ਸੀ। ਉਸ ਸੰਸਥਾ ਨੂੰ ਆਰੰਭ ਕਰਨ ਵਾਸਤੇ ਭਾਰਤ ਭਰ ਦੇ ਮੰਨੇ ਹੋਏ ਫ਼ੋਟੋਗ੍ਰਾਫਰਾਂ ਦੀ ਇਕੱਤਰਤਾ 24-25 ਦਸੰਬਰ 1983 ਨੂੰ ਵਿੱਚ ਹੋਈ। ਉਸਦੀ ਰੂਪ ਰੇਖਾ ਘੜਨ ਹਿਤ ਭਾਰਤ ਦੇ 50 ਤੋਂ ਵੱਧ ਉੱਘੇ ਫ਼ੋਟੋਗ੍ਰਾਫਰ ਪਹੁੰਚੇ ਸਨ। ਸ਼ਾਇਦ ਇਕ ਦੋ ਸੱਜਣ ਬੰਗਲਾਦੇਸ਼ ਅਤੇ ਸ੍ਰੀ ਲੰਕਾ ਤੋਂ ਵੀ ਆਏ ਸਨ। ਜਿਨ੍ਹਾਂ ਵਿੱਚ ਕਲਕੱਤੇ ਤੋਂ ਬੈਨੂਸੈਨ, ਮੁੰਬਈ ਤੋਂ ਮਹਾਨ ਪੋਰਟਰੇਟ ਫੋਟੋਗ੍ਰਾਫਰ ਮਹੇਸ਼ਵਰੀ ਜੀ, ਮਦਰਾਸ ਤੋਂ ਗੋਪਾਲ ਕ੍ਰਿਸ਼ਨ,
ਅਹਿਮਦਾਬਾਦ ਤੋਂ ਸੁਰਿੰਦਰ ਪਟੇਲ, ਦਿੱਲੀ ਤੋਂ ਫੋਟੋਗ੍ਰਾਫੀ ਵਿੱਚ ਪਦਮ ਸ਼੍ਰੀ ਪ੍ਰਾਪਤ ਕਰਨ ਵਾਲੇ ਪਹਿਲੇ ਸੱਜਣ: ਟੀ ਕਾਸ਼ੀਨਾਥ ਅਤੇ ਹੋਰ ਕਈ ਨਾਮੀ ਸੱਜਣ ਉਪਸਥਿਤ ਹੋਏ ਸਨ। 50 ਫ਼ੋਟੋਗ੍ਰਾਫਰਾਂ ਦੀ ਇਸ ਵਿਸ਼ੇਸ਼ ਇਕੱਤਰਤਾ ਵਿੱਚ; ਕੇਵਲ ਤਿੰਨ ਕੇਸਾਧਾਰੀ ਸਿੱਖ ਸਨ। ਦਿੱਲੀ ਦੇ ਬਹੁਤ ਸੂਝਵਾਨ ਨਾਮੀ ਫ਼ੋਟੋਗ੍ਰਾਫਰ ਟੀ. ਨਰਿੰਦਰ ਪਾਲ ਸਿੰਘ ਜੀ, ਪੰਜਾਬ, ਹਰਿਆਣਾ ਤੋਂ ਸਿਰਫ ਜੈ ਤੇਗ ਸਿੰਘ ਜੀ ਅਨੰਤ ਅਤੇ ਤੀਸਰਾ ਮੈਂ ਦਲੀਪ ਸਿੰਘ ਸਾਂ। ਇਸ ਦੋ ਦਿਨਾਂ ਦੀ ਸੰਖੇਪ ਇਕੱਤਰਤਾ ਵਿੱਚ ਰਸਮੀ ਤੌਰ ਉਤੇ ਮੇਰੀ ਅਤੇ ਅਨੰਤ ਜੀ ਦੀ ਪਹਿਲੀ ਆਪਸੀ ਜਾਣਕਾਰੀ ਹੋਈ ਅਤੇ ਇਥੋਂ ਹੀ ਸਾਡੀ ਮਿੱਤਰਤਾ ਦੀ ਨੀਂਹ ਰੱਖੀ ਗਈ। ਜਦੋਂ ਇਹ ਮੇਰੇ ਸੰਪਰਕ ਵਿੱਚ ਆਏ ਤਾਂ ਫਿਰ ਫੋਟੋਗ੍ਰਾਫੀ ਕਾਰਨ ਅਤੇ ਗੁਰਸਿੱਖੀ ਦੇ ਨਾਤੇ ਸਾਡਾ ਸਬੰਧ ਆਪਸ ਵਿੱਚ ਬਹੁਤ ਗੂੜਾ ਬਣ ਗਿਆ।
ਉਸ ਤੋਂ ਬਾਅਦ ਇਹਨਾਂ ਨੇ ਮੇਰੇ ਕਹਿਣ ਤੋਂ ਬਿਨਾਂ ਹੀ ਹਰ ਥਾਂ ਉਪਰ ਆਪਣੇ ਆਪ ਪਹੁੰਚ ਕੇ ਮੇਰੀ ਸਹਾਇਤਾ ਕੀਤੀ। ਹਰ ਥਾਂ ਉਪਰ ਮੇਰੀਆਂ ਫੋਟੋ ਪ੍ਰਦਰਸ਼ਨੀਆਂ ਲਗਵਾਉਣ ਵਾਸਤੇ ਅਤੇ ਹੋਰ ਵੀ ਹਰ ਖੇਤਰ ਵਿੱਚ ਇਹਨਾਂ ਨੇ ਮੇਰੀ ਸਹਾਇਤਾ ਕੀਤੀ: ਮੇਰੇ ਬਹੁਤ ਜੋਰ ਲਾਉਣ 'ਤੇ ਵੀ ਇਹਨਾਂ ਨੇ ਕਦੀ ਮੇਰੇ ਤੋਂ ਕੋਈ ਪੈਸੇ ਨਹੀਂ ਲਏ। ਆਪਣੇ ਪੱਲਿਓਂ ਖਰਚਾ ਕਰਕੇ ਸਹਾਇਤਾ ਕਰਦੇ ਰਹੇ। ਪ੍ਰਦਰਸ਼ਨੀਆਂ ਲਾਉਣ ਸਬੰਧੀ, ਮੇਰੀ ਫੋਟੋਗ੍ਰਾਫੀ ਦੀ ਮੀਡੀਆ ਵਿੱਚ ਪ੍ਰਸ਼ੰਸਾ ਕਰਾਉਣ ਸਬੰਧੀ; ਮੈਨੂੰ ਜਿਹਨਾਂ ਗੱਲਾਂ ਦਾ ਪਤਾ ਨਹੀਂ ਸੀ, ਸੋਚ ਵੀ ਨਹੀਂ ਸੀ ਸਕਦਾ, ਉਥੇ ਹਰ ਥਾਂ ਉੱਪਰ ਹੀ ਅਨੰਤ ਜੀ ਨੇ ਮੇਰੀ ਸਹਾਇਤਾ; ਮੇਰੇ ਕਹੇ ਤੋਂ ਬਿਨਾਂ ਹੀ ਕੀਤੀ। ਚੰਡੀਗੜ੍ਹ ਵਿੱਚ ਮੇਰੀਆਂ ਖਿੱਚੀਆਂ ਤਸਵੀਰਾਂ ਦੀ ਇੱਕ ਪ੍ਰਦਰਸ਼ਨੀ 1985 ਵਿੱਚ ਲੱਗੀ ਸੀ। ਉਦੋਂ ਇਹਨਾਂ ਨੇ ਪਹਿਲੀ ਵਾਰੀ ਮੇਰੀ ਇਸ ਤਰਾਂ ਦੀ ਸਹਾਇਤਾ ਕੀਤੀ, ਮੇਰੇ ਸੇਵਕ ਵੀ ਵੇਖ ਕੇ ਸਤੱਬਧ ਰਹਿ ਗਏ, ਕਿ ਕੋਈ ਗੈਰ ਨਾਮਧਾਰੀ ਸੱਜਣ; ਇੰਨੀ ਸਹਾਇਤਾ, ਇਕ ਸੇਵਕ ਵਾਂਗੂ ਬਣ ਕੇ ਕਿਵੇਂ ਕਰ ਸਕਦਾ ਹੈ! ਚੰਡੀਗੜ੍ਹ ਵਿਖੇ ਜਦੋਂ ਪ੍ਰਦਰਸ਼ਨੀ ਲੱਗੀ ਸੀ ਤਾਂ ਪੰਜਾਬੀ ਟ੍ਰਿਬਿਊਨ ਉਸ ਸਮੇਂ ਦਾ ਪੰਜਾਬ ਵਿੱਚ ਸਭ ਤੋਂ ਵਧੀਆ ਅਖਬਾਰ ਮੰਨਿਆ ਜਾਂਦਾ ਸੀ। ਅਨੰਤ ਜੀ ਨੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਸਰਦਾਰ ਸ਼ਾਮ ਸਿੰਘ ਨੂੰ ਘਰੇ ਬੁਲਾ ਕੇ ਮੇਰੀ ਪ੍ਰਦਰਸ਼ਨੀ ਦਾ ਰਿਵਿਊ ਕਰਵਾ ਦਿੱਤਾ ਸੀ। ਅਨੰਤ ਜੀ ਦੇ ਕਹਿਣ ਕਰਕੇ ਉਹ ਮੇਰੇ ਘਰ ਆਏ ਸਨ, ਨਹੀਂ ਤਾਂ ਆਮ ਤੌਰ ਤੇ ਰਿਵਿਊ ਲਿਖਣ ਵਾਲਿਆਂ ਪਿੱਛੇ ਫ਼ੋਟੋਗ੍ਰਾਫਰ ਨੂੰ ਘੁੰਮਣਾ ਪੈਂਦਾ ਹੈ, ਬੜੇ ਤਰਲੇ ਕਰਨੇ ਪੈਂਦੇ ਹਨ। ਸਰਦਾਰ ਸ਼ਾਮ ਸਿੰਘ ਜੀ ਜਦੋਂ ਮੇਰੇ ਕੋਲ ਮੇਰਾ ਇੰਟਰਵਿਊ ਕਰਨ ਆਏ ਤਾਂ ਮੈਨੂੰ ਪੂਰਨ ਗੁਰਸਿੱਖੀ ਸਰੂਪ ਵਿੱਚ (ਚਿੱਟੀ ਸਿੱਧੀ ਗੋਲ ਦਸਤਾਰ, ਕੁੜਤਾ, ਪਜਾਮਾ, ਗਲ ਵਿੱਚ ਮਾਲਾ) ਦੇਖ ਕੇ ਉਹ ਬਹੁਤ ਹੀ ਹੈਰਾਨ ਰਹਿ ਗਏ ਕਿ "ਇਸ ਪਰੰਪਰਾਗਤ ਗੁਰਮੁਖੀ ਪਹਿਰਾਵੇ ਨੂੰ ਪਹਿਨਣ ਵਾਲਾ, ਇਕ ਸੰਤ ਲੱਗਣ ਵਾਲਾ ਮਨੁੱਖ ਵੀ ਕੋਈ ਚੰਗੀ ਫੋਟੋਗ੍ਰਾਫੀ ਕਰ ਸਕਦਾ ਹੈ। ਜਾਂ, ਕਿਸੇ ਕਲਾ ਖੇਤਰ ਵਿੱਚ ਅੱਗੇ ਕੋਈ ਮੱਲਾਂ ਮਾਰ ਸਕਦਾ ਹੈ"।
ਪਾਠਕਾਂ ਦੀ ਜਾਣਕਾਰੀ ਵਾਸਤੇ, ਮੇਰਾ ਨਾਮ "ਦਲੀਪ ਸਿੰਘ" ਹੈ, ਪਰ ਨਾਮਧਾਰੀ ਗੁਰੂ ਪੁੱਤਰ ਹੋਣ ਕਰਕੇ: ਲੋਕ ਮੈਨੂੰ "ਠਾਕੁਰ ਦਲੀਪ ਸਿੰਘ" ਕਰਕੇ ਜਾਣਦੇ ਹਨ। ਉਹ ਠਾਕੁਰ ਦਲੀਪ ਸਿੰਘ ਵਾਲਾ ਹੀ ਮੇਰਾ ਨਾਮ ਫੋਟੋਗ੍ਰਾਫੀ ਖੇਤਰ ਵਿੱਚ ਵੀ ਪ੍ਰਸਿੱਧ ਹੋ ਗਿਆ ਸੀ। ਇਹਨਾਂ ਦੇ ਸਤਿਕਾਰਯੋਗ ਪਿਤਾ ਸਰਦਾਰ ਹਰਚਰਨ ਸਿੰਘ ਜੀ ਅਤੇ ਸਤਿਕਾਰਯੋਗ ਮਾਤਾ ਜੀ ਨਾਮ ਅਖੰਡ ਕੀਰਤਨੀਏ ਸੰਪਰਦਾ ਵਿੱਚ ਭਾਈ ਰਣਧੀਰ ਸਿੰਘ ਜੀ ਤੋਂ ਵਰੋਸਾਏ ਸਨ ਅਤੇ ਬਹੁਤ ਹੀ ਗੁਰਮੁਖ ਸੁਭਾ ਦੇ ਸਨ। ਮੈਂ ਉਹਨਾਂ ਦੇ ਵੀ ਦਰਸ਼ਨ ਕੀਤੇ ਹਨ। ਮਾਤਾ ਜੀ ਦੇ ਹੱਥ ਦੀ ਬਣੀ ਅਤਿ ਸਵਾਦ ਪੰਜੀਰੀ ਵੀ ਮੈਂ ਘਰੋਂ ਜਾ ਕੇ ਮੰਗ ਕੇ ਛਕ ਲੈਂਦਾ ਸਾਂ। ਇਹਨਾਂ ਦੇ ਘਰ ਜਾ ਕੇ ਕੋਈ ਵੀ ਪਦਾਰਥ ਗ੍ਰਹਿਣ ਕਰਨ ਵਿੱਚ ਮੈਨੂੰ ਸਮੱਸਿਆ ਨਹੀਂ ਸੀ, ਕਿਉਂਕਿ ਇਹ ਪੱਕੇ ਸ਼ਾਕਾਹਾਰੀ ਸਨ।
ਅਨੰਤ ਜੀ ਨੇ ਬਹੁਤ ਸੁੰਦਰ ਫੋਟੋਗ੍ਰਾਫੀ ਆਪ ਤਾਂ ਕੀਤੀ ਹੀ ਹੈ, ਇਹਨਾਂ ਨੇ ਹੋਰ ਵੀ ਬਹੁਤ ਸਾਰੇ ਆਪਣੇ ਪਹਿਚਾਣ ਵਾਲਿਆਂ ਨੂੰ ਪ੍ਰੇਰਿਤ ਕਰਕੇ ਫੋਟੋਗਰਾਫੀ ਖੇਤਰ ਵਿੱਚ ਅੱਗੇ ਲਿਆਂਦਾ। ਉਹਨਾਂ ਦਾ ਵੀ ਨਾਮ ਚਮਕਾਇਆ। ਅਨੰਤ ਜੀ ਨੇ ਕੇਵਲ ਆਪ ਹੀ ਵਧੀਆ ਫੋਟੋਗ੍ਰਾਫੀ ਨਹੀਂ ਕੀਤੀ, ਇਹਨਾਂ ਨੇ ਨਵੇਂ ਉਠਦੇ ਫੋਟੋਗ੍ਰਾਫਰਾਂ ਨੂੰ ਉਤਸਾਹਿਤ ਕਰਨ ਵਾਸਤੇ "ਕਨਸੈਪਟ" Concept ਨਾਮ ਦੀ ਸੰਸਥਾ ਚੰਡੀਗੜ੍ਹ ਵਿੱਚ ਬਣਾਈ। ਜਿਸ ਦੇ ਬਾਨੀ ਅਨੰਤ ਜੀ ਹਨ। ਉਸ ਸੰਸਥਾ ਨੇ ਫੋਟੋਗ੍ਰਾਫੀ ਖੇਤਰ ਵਿੱਚ ਚੰਗਾ ਨਾਮ ਖੱਟਿਆ । ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਜੰਮੂ ਕਸ਼ਮੀਰ; ਇਹਨਾਂ ਸਾਰੇ ਪ੍ਰਾਂਤਾਂ ਵਿੱਚ ਭਾਵ ਉੱਤਰੀ ਭਾਰਤ ਵਿੱਚ, ਫੋਟੋਗ੍ਰਾਫੀ ਨੂੰ ਐਸਾ ਪ੍ਰੋਤਸਾਹਨ ਦੇਣ ਵਾਲੀ ਅਨੰਤ ਜੀ ਦੀ ਸੰਸਥਾ ਨੇ ਫੋਟੋਗਰਾਫੀ ਨੂੰ ਸਿਖਰਾਂ ਤੱਕ ਪਹੁੰਚਾਇਆ। ਇਸੇ ਕਾਰਜ ਅਧੀਨ ਉਹਨਾਂ ਨੇ ਅਨੇਕਾਂ ਫੋਟੋਗ੍ਰਾਫਰਾਂ ਦੀਆਂ ਵਿਅਕਤੀਗਤ ਫੋਟੋ ਪ੍ਰਦਰਸ਼ਨੀਆਂ ਲਗਵਾਈਆਂ, ਜਿਨਾਂ ਵਿੱਚ ਠਾਕੁਰ ਦਲੀਪ ਸਿੰਘ, ਸਤਵੰਤ ਸਿੰਘ ਨੰਦਰਾ, ਜਰਨੈਲ ਸਿੰਘ, ਓ. ਪੀ. ਗੁਪਤਾ ਆਦਿ ਦਾ ਨਾਮ ਵਰਨਯੋਗ ਹੈ।
ਕੰਸੈਪਟ ਰਾਹੀਂ ਫੋਟੋਗ੍ਰਾਫੀ ਦੀਆਂ ਕਈ ਪ੍ਰਦਰਸ਼ਨੀਆਂ, ਮੁਕਾਬਲੇ ਆਦਿ ਕਰਵਾਏ ਗਏ। ਅਨੰਤ ਜੀ ਦੀ ਇਸ ਸੰਸਥਾ ਨੇ ਤਿੰਨ ਰਾਸ਼ਟਰੀ ਪੱਧਰ ਦੇ ਫੋਟੋਗਰਾਫੀ ਮੁਕਾਬਲੇ ਕਰਵਾਏ ਅਤੇ ਤਿੰਨ ਅੰਤਰਰਾਸ਼ਟਰੀ ਪੱਧਰ ਦੀਆਂ ਫੋਟੋਗਰਾਫੀ ਪ੍ਰਤੀਯੋਗਤਾ ਵੀ ਕਰਵਾਈਆਂ। ਇਸ ਤੋਂ ਬਿਨਾਂ ਅਨੰਤ ਜੀ ਦੀ ਸੰਸਥਾ ਵੱਲੋਂ ਕਈ ਆਰਟ ਫੈਸਟੀਵਲ ਅਤੇ ਫੋਟੋਗ੍ਰਾਫੀ ਵਰਕਸ਼ਾਪ ਦੇ ਵੀ ਆਯੋਜਨ ਕਰਵਾਏ ਗਏ। ਬੜੇ ਥੋੜੇ ਸਮੇਂ ਵਿੱਚ ਹੀ, ਇੱਡੇ ਵੱਡੇ ਕੰਮ ਕਰ ਲੈਣੇ; ਇੱਕ ਵੱਡੀ ਸ਼ਲਾਘਾਯੋਗ ਉਪਲਬਧੀ ਹੈ। ਇੰਡੀਆ ਇੰਟਰਨੈਸ਼ਨਲ ਫੋਟੋਗਰਾਫੀ ਕੌਂਸਲ ਦੇ ਪਹਿਲੇ ਜੋ਼ਨਲ ਸਕੱਤਰ ਹੋਣ ਦਾ ਅਨੰਤ ਜੀ ਨੂੰ ਮਾਣ ਪ੍ਰਾਪਤ ਹੈ।
ਅਨੰਤ ਜੀ ਦੀ ਉਸ ਸੰਸਥਾ ਨੇ ਮੇਰੀ ਫੋਟੋਗ੍ਰਾਫੀ ਤੋਂ ਪ੍ਰਸੰਨ ਹੋ ਕੇ, ਮੈਨੂੰ ਇੱਕ ਅਤੀ ਉੱਤਮ ਪੁਰਸਕਾਰ "ਫ਼ੋਟੋਗ੍ਰਾਫਰ ਆਫ ਦਾ ਯੀਅਰ" (Photographer Of The Year) ਦੇ ਕੇ ਵੀ ਨਿਵਾਜਿਆ। ਇੰਡੀਆ ਇੰਟਰਨੈਸ਼ਨਲ ਫੋਟੋਗਰਾਫੀ ਕੌਂਸਲ ਦੀਆਂ ਜਦੋਂ ਕਿਤੇ ਵਰਕਸ਼ਾਪਾਂ ਹੁੰਦੀਆਂ ਸਨ ਤਾਂ ਅਨੰਤ ਜੀ ਬਹੁਤ ਸਾਰੇ ਸ਼ੌਕੀਨ ਫ਼ੋਟੋਗ੍ਰਾਫਰ ਨੂੰ ਪ੍ਰੇਰਿਤ ਕਰਕੇ ਉਥੇ ਆਪ ਲੈ ਕੇ ਜਾਂਦੇ ਸਨ। ਕਈ ਵਾਰੀ, ਕਈ ਪ੍ਰਕਾਰ ਦੇ ਉਹਨਾਂ ਦੇ ਖਰਚੇ ਵੀ ਆਪਣੇ ਪੱਲਿਓਂ ਕਰਦੇ ਸਨ। ਚਿੱਤਰਕਾਰ ਜਰਨੈਲ ਸਿੰਘ ਦਾ ਨਾਮ ਚਮਕਾਉਣ ਵਿੱਚ ਅਨੰਤ ਜੀ ਦਾ ਵੱਡਾ ਹਿੱਸਾ ਹੈ। ਕਿਉਂਕਿ, ਇਹਨਾਂ ਦਾ ਸੁਭਾਅ ਪਰਉਪਕਾਰੀ ਹੈ। ਜਦੋਂ ਮੈਂ ਵੈਨਕੂਵਰ ਆਇਆ ਸੀ ਇਹਨਾਂ ਨੂੰ ਮਿਲਣ ਗਿਆ। ਅਨੰਤ ਜੀ ਨੇ ਮੇਰੇ ਕਹਿਣ ਤੋਂ ਬਿਨਾਂ ਹੀ ਦੋ ਟੀ.ਵੀ ਚੈਨਲ ਉੱਪਰ ਉਦੋਂ ਵੀ ਮੇਰਾ ਇੰਟਰਵਿਊ; ਕਰਵਾ ਦਿੱਤਾ। ਹਰ ਥਾਂ ਜਿੱਥੇ ਵੀ ਸੰਭਵ ਹੋਵੇ ਇਹ ਮੇਰੀ ਸਹਾਇਤਾ ਬਿਨਾਂ ਕਹੇ ਤੋਂ ਕਰਦੇ ਹਨ।
ਅਨੰਤ ਜੀ ਆਪ ਇਕ ਵਧੀਆ ਲੇਖਕ ਹਨ, ਵਧੀਆ ਫ਼ੋਟੋਗ੍ਰਾਫਰ ਹਨ; ਸਿੱਖ ਇਤਿਹਾਸ ਉਪਰ ਕਈ ਪੁਸਤਕਾਂ ਲਿਖ ਚੁੱਕੇ ਹਨ। ਅਨੰਤ ਜੀ ਦੀਆਂ ਖਿੱਚੀਆਂ ਤਸਵੀਰਾਂ ਨੂੰ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਵੱਡੇ ਪੁਰਸਕਾਰ ਮਿਲ ਚੁੱਕੇ ਹਨ। ਇਹਨਾਂ ਦੀਆਂ ਖਿੱਚੀਆਂ ਤਸਵੀਰਾਂ ਦੇਸ਼ ਵਿਦੇਸ਼ਾਂ ਦੀਆਂ ਅਖਬਾਰਾਂ ਅਤੇ ਰਸਾਲਿਆਂ ਦਾ ਸ਼ਿੰਗਾਰ ਬਣਦੀਆਂ ਹਨ। ਆਪ ਸਿਰਫ ਲਿਖਾਰੀ ਹੀ ਨਹੀਂ, ਇਹਨਾਂ ਨੇ ਸੰਸਾਰ ਭਰ ਵਿੱਚ ਹਰ ਥਾਂ ਉੱਪਰ ਸਿੱਖ ਬੁੱਧੀਜੀਵੀਆਂ ਨਾਲ, ਪੰਜਾਬੀ ਲਿਖਾਰੀਆਂ ਨਾਲ ਆਪਣਾ ਬਹੁਤ ਵਧੀਆ ਸੰਪਰਕ ਬਣਾ ਕੇ ਰੱਖਿਆ ਹੈ। ਜਿਸ ਕਾਰਨ ਸਾਰੇ ਵਿਦਵਾਨ ਇਹਨਾਂ ਦਾ ਸਤਿਕਾਰ ਕਰਦੇ ਹਨ। ਇਹਨਾਂ ਦੀ ਗੱਲ ਸੁਣਦੇ ਹਨ ਅਤੇ ਮੰਨਦੇ ਹਨ।
ਅਨੰਤ ਜੀ ਜਿੱਥੇ ਬੜੇ ਵਧੀਆ ਫ਼ੋਟੋਗ੍ਰਾਫਰ ਹਨ, ਉਥੇ ਇਹ ਵਧੀਆ ਲੇਖਕ ਵੀ ਹਨ। ਸਿੱਖ ਇਤਿਹਾਸ ਨਾਲ ਸਬੰਧਤ 2੦ ਪੁਸਤਕਾਂ ਲਿਖ ਚੁੱਕੇ ਹਨ ਜੋ ਕਿ ਛੱਪ ਵੀ ਚੁੱਕੀਆਂ ਹਨ। ਇਹਨਾਂ ਦੀ ਪਹਿਲੀ ਪੁਸਤਕ ਆਪਣੇ ਪਿਤਾ ਸ. ਹਰਚਰਨ ਸਿੰਘ ਜੀ ਬਾਰੇ "ਜਨ ਪਰਉਪਕਾਰੀ ਆਏ" ਨਾਮ ਵਾਲੀ 2008 ਵਿੱਚ ਛਪੀ ਸੀ। ਸਰਦਾਰ ਕਪੂਰ ਸਿੰਘ ਜੀ ਸਿੱਖ ਪੰਥ ਦੇ ਇੱਕ ਮਹਾਨ ਵਿਦਵਾਨ ਮੰਨੇ ਜਾਂਦੇ ਹਨ। ਉਹਨਾਂ ਨਾਲ ਸੰਬੰਧਿਤ ਅਨੰਤ ਜੀ ਨੇ ਤਿੰਨ ਪੁਸਤਕਾਂ ਲਿਖੀਆਂ ਹਨ। ਸਿਰਦਾਰ, ਪੰਚਨਦ, ਇਕ ਸਿੱਖ ਦਾ ਬੁੱਧ ਨੂੰ ਪ੍ਰਮਾਣ। ਇਸੇ ਹੀ ਤਰ੍ਹਾਂ ਪ੍ਰਸਿੱਧ ਸ਼ਾਇਰ ਉਸਤਾਦ ਦਾਮਨ ਬਾਰੇ ਇਹਨਾਂ ਦੀ ਇੱਕ ਪੁਸਤਕ ਹੈ "ਉਸਤਾਦ ਦਾਮਨ ਬੇਨਜੀਰ ਹਸਤੀ"। ਇਹ ਪੁਸਤਕ ਵੀ ਬਹੁਤ ਚਰਚਿਤ ਹੈ।
ਸਿਮਰਤੀ ਗ੍ਰੰਥ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਆਪ ਦੀ ਬਹੁਮੁੱਲੀ ਕਿਰਤ ਹੈ, ਜੋ ਅਤਿਅੰਤ ਸ਼ਲਾਘਾ ਯੋਗ ਹੈ।
ਇਹਨਾਂ ਦਾ ਸਾਹਿਤਿਕ ਪੱਖ ਇੰਨਾ ਉੱਤਮ ਹੈ ਕਿ ਸੰਨ 2015 ਵਿੱਚ ਆਪ ਦੀ ਲਿਖੀ ਪੁਸਤਕ "ਗਦਰੀ ਯੋਧੇ" ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵ ਉੱਤਮ ਸਾਹਿਤਿਕ ਅਵਾਰਡ ਨਾਲ ਨਿਵਾਜਿਆ ਗਿਆ ਹੈ। ਪੰਜਾਬੀ ਵਿੱਚ ਵਡ ਅਕਾਰੀ, ਸੁੰਦਰ ਤਸਵੀਰਾਂ ਵਾਲੀ, ਵਧੀਆ ਮੋਮੀ ਕਾਗਜ ਉੱਪਰ ਛਪੀ ਹੋਈ; "ਰਾਮਗੜੀਆ ਵਿਰਾਸਤ" ਨਾਮ ਦੀ ਪਹਿਲੀ ਪੰਜਾਬੀ ਕਾਫੀ ਟੇਬਲ ਪੁਸਤਕ ਹੈ। ਇਹ ਪੁਸਤਕ ਜੋ ਅਨੰਤ ਜੀ ਨੇ ਕਈ ਲੇਖਕਾਂ ਤੋਂ ਲੇਖ ਇਕੱਠੇ ਕਰਕੇ ਛਪਵਾਈ ਹੈ: ਪੰਜਾਬੀ ਪ੍ਰਕਾਸ਼ਨ ਵਿੱਚ ਉਹ ਵੀ ਇੱਕ ਤਰ੍ਹਾਂ ਦਾ ਮੀਲ ਪੱਥਰ ਹੈ, ਜੋ ਅਨੰਤ ਜੀ ਦੀ ਪੁਸਤਕ ਸ੍ਰਿੰਖਲਾ ਵਿੱਚ ਬਹੁਤ ਵੱਡਾ ਅਸਥਾਨ ਰੱਖਦੀ ਹੈ। ਪੰਜਾਬੀ ਵਿੱਚ, ਵਧੀਆ ਮੋਮੀ ਕਾਗਜ ਉੱਪਰ; ਐਸੀ ਵੱਡ ਅਕਾਰੀ ਤਸਵੀਰਾਂ ਯੁਕਤ ਪੁਸਤਕ (ਕਾਫੀ ਟੇਬਲ ਬੁੱਕ) ਆਮ ਤੌਰ ਉਪਰ ਨਹੀਂ ਛਪਦੀ। ਐਸੀਆਂ ਵਡ ਅਕਾਰੀ ਪੁਸਤਕਾਂ ਤਾਂ ਆਮ ਤੌਰ ਉਪਰ ਅੰਗਰੇਜੀ ਵਿੱਚ ਹੀ ਹੁੰਦੀਆਂ ਹਨ।
ਕਈ ਸਾਲਾਂ ਤੋਂ ਬਿਰਧ ਅਵਸਥਾ ਹੋਣ ਕਰਕੇ, ਅਨੰਤ ਜੀ ਦੀ ਸਿਹਤ ਢਿੱਲੀ ਰਹਿੰਦੀ ਹੈ। ਪਰੰਤੂ, ਫਿਰ ਵੀ ਉਹ ਸਾਹਿਤਕ ਖੇਤਰ ਵਿੱਚ ਆਪਣੀ ਕਾਰਵਾਈ ਕਰਦੇ ਰਹਿੰਦੇ ਹਨ ਅਤੇ ਸਿੱਖ ਪੰਥ ਪ੍ਰਤੀ ਕਾਰਜਸ਼ੀਲ ਰਹਿੰਦੇ ਹਨ। ਐਸੇ ਪਰਉਪਕਾਰੀ ਮਿੱਤਰ, ਗੁਰਸਿੱਖ, ਵਧੀਆ ਫ਼ੋਟੋਗ੍ਰਾਫਰ, ਵਧੀਆ ਸਾਹਿਤਕਾਰ ਦਾ ਸਾਥ: ਮੈਨੂੰ ਇੰਨੇ ਸਾਲਾਂ ਤੋਂ ਪ੍ਰਾਪਤ ਹੋਇਆ ਹੈ, ਜਿਸ ਲਈ ਮੈਂ ਅਨੰਤ ਜੀ ਦਾ ਬਹੁਤ ਧੰਨਵਾਦੀ ਹਾਂ। ਮੈਂ ਇਹ ਸਮਝਦਾ ਹਾਂ ਕਿ ਐਸੀ ਮਹਾਨ ਸ਼ਖਸ਼ੀਅਤ ਨੂੰ ਗੁਰੂ ਨੇ ਹੀ ਕਿਰਪਾ ਕਰਕੇ ਮੇਰੇ ਨਾਲ ਜੋੜਿਆ ਹੈ।
ਅਨੰਤ ਜੀ ਨਾਲ ਮੇਰੀਆਂ ਬਹੁਤ ਸਾਰੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਹਨ। ਪ੍ਰੰਤੂ ਮੇਰੀ ਸਮਰਿਤੀ ਸ਼ਕਤੀ ਕਮਜ਼ੋਰ ਹੋਣ ਕਾਰਨ, ਹੁਣ ਸਭ ਕੁਝ ਚੇਤਾ ਨਹੀਂ ਆ ਰਿਹਾ। ਜਿੰਨੀਆਂ ਕੁ ਚੇਤਾ ਆਈਆਂ ਹਨ, ਉਹ ਮੈਂ ਲਿਖ ਰਿਹਾ ਹਾਂ।
"ਠਾਕੁਰ ਦਲੀਪ ਸਿੰਘ"
ਵਰਤਮਾਨ ਨਾਮਧਾਰੀ ਮੁੱਖੀ