ਅਮਰੀਕਾ ਦੇ ਮਿਨੀਸੋਟਾ ਸੂਬੇ ਵਿੱਚ ਹੋਏ ICE ਗੋਲੀਕਾਂਡ ਮਾਮਲੇ ਵਿੱਚ ਪ੍ਰੋਸੀਕਿਊਟਰ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰੇਨੀ ਗੁੱਡ ਦੀ ਮੌਤ ਨਾਲ ਜੁੜੀ ਹਰ ਤਰ੍ਹਾਂ ਦੀ ਵੀਡੀਓ ਜਾਂ ਸਬੂਤ ਜਾਂਚ ਏਜੰਸੀਆਂ ਨਾਲ ਸਾਂਝੇ ਕੀਤੇ ਜਾਣ। ਇਸ ਮਾਮਲੇ ਨਾਲ ਜੁੜੀ ਇਕ ਨਵੀਂ 47 ਸਕਿੰਟ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਮੀਗ੍ਰੇਸ਼ਨ ਅਧਿਕਾਰੀ ਨਾਲ ਹੋਈ ਮੁਲਾਕਾਤ ਦੇ ਆਖ਼ਰੀ ਪਲ ਦਿਖਾਈ ਦੇ ਰਹੇ ਹਨ।
ਇਹ ਵੀਡੀਓ ICE ਅਧਿਕਾਰੀ ਜੋਨਾਥਨ ਰਾਸ਼ ਦੇ ਮੋਬਾਈਲ ਫ਼ੋਨ ਤੋਂ ਰਿਕਾਰਡ ਕੀਤੀ ਗਈ ਦੱਸਿਆ ਜਾ ਰਿਹਾ ਹੈ, ਜਿਸ ਵਿੱਚ ਉਹ ਰੇਨੀ ਗੁੱਡ ਦੀ ਕਾਰ ਦੇ ਆਲੇ-ਦੁਆਲੇ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਗੁੱਡ ਦੀ ਪਤਨੀ ਵੀ ਘਟਨਾ ਨੂੰ ਆਪਣੇ ਫ਼ੋਨ ‘ਚ ਰਿਕਾਰਡ ਕਰ ਰਹੀ ਸੀ। ਕੁਝ ਪਲਾਂ ਬਾਅਦ, ਜਦੋਂ ਕਾਰ ਅੱਗੇ ਵੱਲ ਵਧੀ, ਤਦ ਅਧਿਕਾਰੀ ਨੇ ਗੋਲੀਆਂ ਚਲਾ ਦਿੱਤੀਆਂ।
ਟਰੰਪ ਪ੍ਰਸ਼ਾਸਨ ਅਤੇ ਹੋਮਲੈਂਡ ਸਿਕਿਊਰਟੀ ਵਿਭਾਗ ਨੇ ਅਧਿਕਾਰੀ ਦੀ ਕਾਰਵਾਈ ਨੂੰ ਸਵੈ-ਰੱਖਿਆ ਦੱਸਿਆ ਹੈ। ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ ਕਿ ਅਧਿਕਾਰੀ ਦੀ ਜਾਨ ਨੂੰ ਖ਼ਤਰਾ ਸੀ, ਇਸ ਲਈ ਉਸਨੇ ਗੋਲੀ ਚਲਾਈ।
ਦੂਜੇ ਪਾਸੇ, ਮਿਨੀਐਪੋਲਿਸ ਦੇ ਮੇਅਰ ਜੇਕਬ ਫ੍ਰੇ ਨੇ ਸਵੈ-ਰੱਖਿਆ ਦੇ ਦਾਅਵੇ ਨੂੰ “ਬੇਬੁਨਿਆਦ” ਕਰਾਰ ਦਿੱਤਾ ਹੈ। ਕਈ ਪੁਲਿਸਿੰਗ ਮਾਹਿਰਾਂ ਨੇ ਵੀ ਸਵਾਲ ਉਠਾਏ ਹਨ ਕਿ ਜਦੋਂ ਅਧਿਕਾਰੀ ਇੱਕ ਹੱਥ ਵਿੱਚ ਗਨ ਅਤੇ ਦੂਜੇ ਵਿੱਚ ਮੋਬਾਈਲ ਫ਼ੋਨ ਫੜ੍ਹ ਕੇ ਵੀਡੀਓ ਬਣਾ ਰਿਹਾ ਸੀ, ਤਾਂ ਕੀ ਉਹ ਵਾਸਤਵ ਵਿੱਚ ਖ਼ਤਰਾ ਮਹਿਸੂਸ ਕਰ ਰਿਹਾ ਸੀ।
ਹੈਨੇਪਿਨ ਕਾਊਂਟੀ ਦੀ ਅਟਾਰਨੀ ਮੇਰੀ ਮੋਰੀਆਰਟੀ ਨੇ ਕਿਹਾ ਕਿ ਫੈਡਰਲ ਅਧਿਕਾਰੀ ਹੋਣ ਦੇ ਬਾਵਜੂਦ, ਇਸ ਮਾਮਲੇ ਵਿੱਚ ਕਾਨੂੰਨੀ ਜ਼ਿੰਮੇਵਾਰੀ ਤੋਂ ਪੂਰੀ ਛੂਟ ਨਹੀਂ ਮਿਲ ਸਕਦੀ। ਉਨ੍ਹਾਂ ਨੇ ਲੋਕਾਂ ਲਈ ਇੱਕ ਲਿੰਕ ਜਾਰੀ ਕਰਨ ਦੀ ਵੀ ਗੱਲ ਕੀਤੀ ਹੈ, ਜਿਸ ਰਾਹੀਂ ਸਬੂਤ ਜਮ੍ਹਾਂ ਕਰਵਾਏ ਜਾ ਸਕਣਗੇ।
ਰੇਨੀ ਗੁੱਡ ਦੀ ਮੌਤ ਤੋਂ ਬਾਅਦ ਮਿਨੀਐਪੋਲਿਸ ਸਮੇਤ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਹੋਏ। ਪ੍ਰਦਰਸ਼ਨਕਾਰੀਆਂ ਨੇ ICE ਦੀ ਕਾਰਵਾਈ ਖ਼ਿਲਾਫ਼ ਨਾਅਰੇ ਲਗਾਏ ਅਤੇ “ICE Out” ਵਰਗੇ ਪਲੇਕਾਰਡ ਫੜ੍ਹੇ। ਇਹ ਘਟਨਾ ਟਵਿਨ ਸਿਟੀਜ਼ ਵਿੱਚ ਚੱਲ ਰਹੀ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੌਰਾਨ ਹੋਈ, ਜਿਸਨੂੰ ਸਰਕਾਰ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੱਸਿਆ ਹੈ।