ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਵਿੱਖ ਵਿੱਚ ਰੂਸ ਜਾਂ ਚੀਨ ਵੱਲੋਂ ਗ੍ਰੀਨਲੈਂਡ ‘ਤੇ ਕਬਜ਼ਾ ਰੋਕਣ ਲਈ ਅਮਰੀਕਾ ਨੂੰ ਇਸ ਟਾਪੂ ਦੀ ਮਾਲਕੀ ਲੈਣੀ ਪਵੇਗੀ। ਵ੍ਹਾਈਟ ਹਾਊਸ ਵਿੱਚ ਤੇਲ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਸਿਰਫ਼ ਰੱਖਿਆ ਸਮਝੌਤੇ ਜਾਂ ਲੀਜ਼ ਗ੍ਰੀਨਲੈਂਡ ਦੀ ਸੁਰੱਖਿਆ ਲਈ ਕਾਫ਼ੀ ਨਹੀਂ ਹਨ।
ਟਰੰਪ ਨੇ ਦੱਸਿਆ ਕਿ 1951 ਦੇ ਸਮਝੌਤੇ ਤਹਿਤ ਗ੍ਰੀਨਲੈਂਡ ਵਿੱਚ ਪਹਿਲਾਂ ਹੀ ਅਮਰੀਕੀ ਫੌਜੀ ਮੌਜੂਦਗੀ ਹੈ, ਪਰ ਫਿਰ ਵੀ ਪੂਰੀ ਮਾਲਕੀ ਹੀ ਟਾਪੂ ਦੀ ਸੁਰੱਖਿਆ ਦੀ ਗਾਰੰਟੀ ਦੇ ਸਕਦੀ ਹੈ। ਗ੍ਰੀਨਲੈਂਡ ਕਰੀਬ 57 ਹਜ਼ਾਰ ਦੀ ਅਬਾਦੀ ਵਾਲਾ ਡੈਨਮਾਰਕ ਦੇ ਅਧੀਨ ਇੱਕ ਖੁਦਮੁਖਤਿਆਰ ਖੇਤਰ ਹੈ।
ਟਰੰਪ ਮੁਤਾਬਕ ਵ੍ਹਾਈਟ ਹਾਊਸ ਵਿੱਚ ਗ੍ਰੀਨਲੈਂਡ ਨੂੰ ਅਮਰੀਕਾ ਦੇ ਕਾਬੂ ਹੇਠ ਲਿਆਉਣ ਲਈ ਕਈ ਵਿਕਲਪਾਂ ‘ਤੇ ਚਰਚਾ ਹੋ ਰਹੀ ਹੈ, ਜਿਨ੍ਹਾਂ ਵਿੱਚ ਗ੍ਰੀਨਲੈਂਡ ਵਾਸੀਆਂ ਨੂੰ ਵਿੱਤੀ ਪੇਸ਼ਕਸ਼ਾਂ ਦੇਣਾ ਅਤੇ ਸੰਭਾਵਿਤ ਤੌਰ ‘ਤੇ ਫੌਜੀ ਕਦਮ ਵੀ ਸ਼ਾਮਲ ਹਨ।
ਡੈਨਮਾਰਕ ਅਤੇ ਹੋਰ ਯੂਰਪੀ ਦੇਸ਼ਾਂ ਨੇ ਟਰੰਪ ਦੇ ਬਿਆਨਾਂ ‘ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਫ਼ਰਾਂਸ, ਜਰਮਨੀ, ਇਟਲੀ, ਪੋਲੈਂਡ, ਸਪੇਨ, ਬ੍ਰਿਟੇਨ ਅਤੇ ਡੈਨਮਾਰਕ ਨੇ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਗ੍ਰੀਨਲੈਂਡ ਦੇ ਭਵਿੱਖ ਬਾਰੇ ਫ਼ੈਸਲਾ ਕੇਵਲ ਗ੍ਰੀਨਲੈਂਡ ਅਤੇ ਡੈਨਮਾਰਕ ਹੀ ਕਰ ਸਕਦੇ ਹਨ। ਅਮਰੀਕਾ ਅਤੇ ਡੈਨਮਾਰਕ ਨਾਟੋ ਦੇ ਸਾਥੀ ਹਨ ਅਤੇ ਦੋਹਾਂ ਦੇ ਵਿਚਕਾਰ ਪਰਸਪਰ ਰੱਖਿਆ ਸਮਝੌਤਾ ਮੌਜੂਦ ਹੈ।