ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਖਾਲੀ ਪਲਾਟ ਵਿੱਚੋਂ ਨੌਜਵਾਨ ਦੀ ਟੁਕੜਿਆਂ ‘ਚ ਕੱਟੀ ਲਾਸ਼ ਮਿਲਣ ਦੇ ਸਨਸਨੀਖੇਜ਼ ਮਾਮਲੇ ਵਿੱਚ ਪੁਲਿਸ ਨੇ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ 30 ਸਾਲਾ ਦਵਿੰਦਰ ਕੁਮਾਰ ਵਜੋਂ ਹੋਈ ਹੈ, ਜੋ ਲੁਧਿਆਣਾ ਦੀ ਭਾਰਤੀ ਕਲੋਨੀ ਦਾ ਰਹਿਣ ਵਾਲਾ ਸੀ ਅਤੇ ਹਾਲ ਹੀ ਵਿੱਚ ਮੁੰਬਈ ਤੋਂ ਵਾਪਸ ਆਇਆ ਸੀ।
ਪੁਲਿਸ ਮੁਤਾਬਕ ਦਵਿੰਦਰ ਮੁੰਬਈ ਤੋਂ ਆਉਣ ਮਗਰੋਂ ਸਿਰਫ਼ 15 ਮਿੰਟ ਲਈ ਘਰ ਰੁਕਿਆ ਅਤੇ ਫਿਰ ਨਿਕਲ ਗਿਆ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਵੀਰਵਾਰ ਨੂੰ ਸਲੇਮ ਟਾਬਰੀ ਥਾਣਾ ਖੇਤਰ ਅਧੀਨ ਇੱਕ ਖਾਲੀ ਪਲਾਟ ਵਿੱਚ ਡਰੱਮ ਦੇ ਅੰਦਰ ਉਸਦੀ ਲਾਸ਼ ਕਈ ਟੁਕੜਿਆਂ ਵਿੱਚ ਮਿਲੀ। ਲਾਸ਼ ਦਾ ਇੱਕ ਹਿੱਸਾ ਸੜਨ ਲੱਗ ਪਿਆ ਸੀ, ਜਦਕਿ ਬਾਕੀ ਟੁਕੜੇ ਡਰੱਮ ਵਿੱਚ ਭਰੇ ਹੋਏ ਸਨ।
ਨਸ਼ੇ ਹੇਠ ਦੋਸਤਾਂ ਵਿਚਾਲੇ ਝਗੜਾ, ਕਤਲ ਵਿੱਚ ਬਦਲਿਆ
ਲੁਧਿਆਣਾ ਪੁਲਿਸ ਵੱਲੋਂ ਜ਼ੋਨ-1 ਦੇ ਏਡੀਸੀਪੀ ਦੀ ਅਗਵਾਈ ਹੇਠ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਮੁੱਖ ਆਰੋਪੀ ਸ਼ਮਸ਼ੇਰ ਮ੍ਰਿਤਕ ਦਾ ਗਹਿਰਾ ਦੋਸਤ ਸੀ। ਦੋਵੇਂ ਨਸ਼ਿਆਂ ਦੇ ਆਦੀ ਸਨ। ਘਟਨਾ ਵਾਲੇ ਦਿਨ ਦੋਵਾਂ ਨੇ ਇਕੱਠੇ ਨਸ਼ਾ ਕੀਤਾ, ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਵਿਚਾਲੇ ਤਕਰਾਰ ਹੋ ਗਈ। ਇਹ ਤਕਰਾਰ ਜਲਦੀ ਹੀ ਹੱਥਾਪਾਈ ਵਿੱਚ ਬਦਲ ਗਈ।
ਪੁਲਿਸ ਅਨੁਸਾਰ, ਲੜਾਈ ਦੌਰਾਨ ਕਾਰ ਪੇਂਟਰ ਦਾ ਕੰਮ ਕਰਨ ਵਾਲੇ ਸ਼ਮਸ਼ੇਰ ਨੇ ਮੌਕੇ ‘ਤੇ ਮੌਜੂਦ ਤੇਜ਼ਧਾਰ ਹਥਿਆਰ ਨਾਲ ਦਵਿੰਦਰ ‘ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਲਾਸ਼ ਠਿਕਾਣੇ ਲਗਾਉਣ ਵਿੱਚ ਪਤਨੀ ਦੀ ਮਦਦ
ਕਤਲ ਮਗਰੋਂ ਸ਼ਮਸ਼ੇਰ ਨੇ ਆਪਣੀ ਪਤਨੀ ਦੀ ਮਦਦ ਨਾਲ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਦੋਵਾਂ ਨੇ ਮਿਲ ਕੇ ਲਾਸ਼ ਨੂੰ ਕਈ ਟੁਕੜਿਆਂ ਵਿੱਚ ਕੱਟਿਆ, ਬੋਰੀ ਵਿੱਚ ਭਰਿਆ ਅਤੇ ਰਾਤ ਦੇ ਸਮੇਂ ਖਾਲੀ ਪਲਾਟ ਵਿੱਚ ਸੁੱਟ ਦਿੱਤਾ। ਪੁਲਿਸ ਨੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ।
ਏਡੀਸੀਪੀ ਨੇ ਸਪਸ਼ਟ ਕੀਤਾ ਕਿ ਆਰੋਪੀ ਦੀ ਪਤਨੀ ਦੀ ਭੂਮਿਕਾ ਸਿਰਫ਼ ਲਾਸ਼ ਨੂੰ ਠਿਕਾਣੇ ਲਗਾਉਣ ਵਿੱਚ ਮਦਦ ਤੱਕ ਸੀਮਿਤ ਸੀ। ਉਸਨੇ ਡਰ ਦੇ ਮਾਰੇ ਆਪਣੇ ਪਤੀ ਦਾ ਸਾਥ ਦਿੱਤਾ ਕਿਉਂਕਿ ਉਸਨੂੰ ਡਰ ਸੀ ਕਿ ਜੁਰਮ ਸਾਹਮਣੇ ਆ ਸਕਦਾ ਹੈ।
ਪੁਲਿਸ ਨੇ ਦੋਵੇਂ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।