ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗਾਜ਼ਾ ਪਲਾਨ ਤਹਿਤ ਬਣਾਈ ਜਾ ਰਹੀ ਸੰਭਾਵਿਤ ਇੰਟਰਨੈਸ਼ਨਲ ਸਟੇਬਿਲਾਈਜ਼ੇਸ਼ਨ ਫੋਰਸ (ISF) ਵਿੱਚ ਪਾਕਿਸਤਾਨੀ ਫੌਜ ਦੀ ਸ਼ਮੂਲੀਅਤ ਨੂੰ ਇਜ਼ਰਾਈਲ ਨੇ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੇਊਵਨ ਅਜ਼ਾਰ ਨੇ ਸਪਸ਼ਟ ਕੀਤਾ ਕਿ ਗਾਜ਼ਾ ਵਿੱਚ ਕਿਸੇ ਵੀ ਤਰ੍ਹਾਂ ਦੀ ਅੰਤਰਰਾਸ਼ਟਰੀ ਫੌਜ ਵਿੱਚ ਪਾਕਿਸਤਾਨ ਦੀ ਭੂਮਿਕਾ ਇਜ਼ਰਾਈਲ ਲਈ ਕਬੂਲਯੋਗ ਨਹੀਂ ਹੈ।
ਐਨਡੀਟੀਵੀ ਨੂੰ ਦਿੱਤੇ ਇੱਕ ਖਾਸ ਇੰਟਰਵਿਊ ਦੌਰਾਨ ਰਾਜਦੂਤ ਅਜ਼ਾਰ ਨੇ ਕਿਹਾ ਕਿ ਗਾਜ਼ਾ ਲਈ ਕੋਈ ਵੀ ਭਵਿੱਖੀ ਰਾਜਨੀਤਿਕ, ਪ੍ਰਸ਼ਾਸਕੀ ਜਾਂ ਪੁਨਰਨਿਰਮਾਣ ਯੋਜਨਾ ਤਦੋਂ ਤੱਕ ਅੱਗੇ ਨਹੀਂ ਵੱਧ ਸਕਦੀ ਜਦੋਂ ਤੱਕ ਹਮਾਸ ਨੂੰ ਪੂਰੀ ਤਰ੍ਹਾਂ ਇੱਕ ਆਤੰਕੀ ਸੰਗਠਨ ਵਜੋਂ ਖਤਮ ਨਾ ਕੀਤਾ ਜਾਵੇ। ਉਨ੍ਹਾਂ ਦੋਹਰਾਇਆ ਕਿ “ਹਮਾਸ ਨੂੰ ਤੋੜੇ ਬਿਨਾਂ ਅੱਗੇ ਵਧਣ ਦਾ ਕੋਈ ਰਾਹ ਨਹੀਂ ਹੈ।”
ਪਾਕਿਸਤਾਨ ਦੀ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਰਾਜਦੂਤ ਨੇ ਸਿੱਧਾ “ਨਹੀਂ” ਕਹਿ ਕੇ ਇਜ਼ਰਾਈਲ ਦਾ ਰੁਖ ਸਾਫ਼ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਆਮ ਤੌਰ ‘ਤੇ ਉਨ੍ਹਾਂ ਨਾਲ ਹੀ ਸਹਿਯੋਗ ਕਰਦੇ ਹਨ ਜਿਨ੍ਹਾਂ ‘ਤੇ ਭਰੋਸਾ ਹੋਵੇ ਅਤੇ ਜਿਨ੍ਹਾਂ ਨਾਲ ਪੂਰੇ ਕੂਟਨੀਤਿਕ ਸੰਬੰਧ ਹੋਣ, ਜੋ ਕਿ ਪਾਕਿਸਤਾਨ ਦੇ ਮਾਮਲੇ ਵਿੱਚ ਮੌਜੂਦ ਨਹੀਂ ਹਨ।
ਰਾਜਦੂਤ ਅਜ਼ਾਰ ਨੇ ਇਹ ਵੀ ਦੱਸਿਆ ਕਿ ਕਈ ਦੇਸ਼ ਗਾਜ਼ਾ ਵਿੱਚ ਫੌਜ ਭੇਜਣ ਤੋਂ ਇਸ ਲਈ ਪਿੱਛੇ ਹਟ ਰਹੇ ਹਨ ਕਿਉਂਕਿ ਉਹ ਹਮਾਸ ਨਾਲ ਸਿੱਧੀ ਟਕਰਾਅ ਵਿੱਚ ਜਾਣਾ ਨਹੀਂ ਚਾਹੁੰਦੇ। ਉਨ੍ਹਾਂ ਮੁਤਾਬਕ ਐਸੇ ਹਾਲਾਤਾਂ ਵਿੱਚ ਸਟੇਬਿਲਾਈਜ਼ੇਸ਼ਨ ਫੋਰਸ ਬਣਾਉਣ ਦਾ ਮਕਸਦ ਹੀ ਬੇਅਰਥ ਹੋ ਜਾਂਦਾ ਹੈ।
ਹਮਾਸ ਅਤੇ ਪਾਕਿਸਤਾਨ ਆਧਾਰਿਤ ਆਤੰਕੀ ਸੰਗਠਨਾਂ ਦੇ ਸੰਬੰਧਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਅਜ਼ਾਰ ਨੇ ਕਿਹਾ ਕਿ 7 ਅਕਤੂਬਰ ਦੇ ਹਮਲੇ ਤੋਂ ਬਾਅਦ ਹਮਾਸ ਨੇ ਆਪਣਾ ਅੰਤਰਰਾਸ਼ਟਰੀ ਜਾਲ ਕਾਫ਼ੀ ਵਧਾਇਆ ਹੈ। ਉਨ੍ਹਾਂ ਮੁਤਾਬਕ ਹਮਾਸ ਦੇ ਸੀਨੀਅਰ ਨੇਤਾ ਪਾਕਿਸਤਾਨ ਵਿੱਚ ਸਰਗਰਮ ਰਹੇ ਹਨ ਅਤੇ ਉਨ੍ਹਾਂ ਦੇ ਲਸ਼ਕਰ-ਏ-ਤਾਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਗਰੁੱਪਾਂ ਨਾਲ ਸੰਪਰਕ ਵਧੇ ਹਨ, ਜਿਸਨੂੰ ਇਜ਼ਰਾਈਲ ਦੀਆਂ ਖੁਫ਼ੀਆ ਏਜੰਸੀਆਂ ਗੰਭੀਰਤਾ ਨਾਲ ਮਾਨੀਟਰ ਕਰ ਰਹੀਆਂ ਹਨ।
ਹਾਲਾਂਕਿ ਰਾਜਦੂਤ ਨੇ ਸਿੱਧੇ ਤੌਰ ‘ਤੇ ਪਾਕਿਸਤਾਨੀ ਰਾਜ ਨੂੰ ਦੋਸ਼ੀ ਨਹੀਂ ਠਹਿਰਾਇਆ, ਪਰ ਉਨ੍ਹਾਂ ਇਸ਼ਾਰਾ ਕੀਤਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਿਸੇ ਨਾ ਕਿਸੇ ਤਰ੍ਹਾਂ ਦੀ ਸਰਕਾਰੀ ਮਨਜ਼ੂਰੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦੀਆਂ। ਉਨ੍ਹਾਂ ਕਿਹਾ ਕਿ ਇਜ਼ਰਾਈਲ ਆਪਣੇ ਸਾਥੀ ਦੇਸ਼ਾਂ ਨਾਲ ਮਿਲ ਕੇ ਇਨ੍ਹਾਂ ਆਤੰਕੀ ਲਿੰਕਸ ਸਬੰਧੀ ਖੁਫ਼ੀਆ ਜਾਣਕਾਰੀ ਸਾਂਝੀ ਕਰ ਰਿਹਾ ਹੈ।
ਭਾਰਤ ਦੀ ਸੁਰੱਖਿਆ ਬਾਰੇ ਗੱਲ ਕਰਦਿਆਂ ਰਾਜਦੂਤ ਅਜ਼ਾਰ ਨੇ ਕਿਹਾ ਕਿ ਭਾਰਤ ਨੂੰ ਪਾਕਿਸਤਾਨ ਆਧਾਰਿਤ ਆਤੰਕੀ ਗਰੁੱਪਾਂ ਤੋਂ ਪੈਦਾ ਹੋਣ ਵਾਲੇ ਖ਼ਤਰੇ ਦੀ ਪੂਰੀ ਸਮਝ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਭਾਰਤੀ ਅਧਿਕਾਰੀ ਹਾਲਾਤਾਂ ‘ਤੇ ਗਹਿਰੀ ਨਜ਼ਰ ਰੱਖੇ ਹੋਏ ਹਨ। ਹਮਾਸ ‘ਤੇ ਭਾਰਤ ਵੱਲੋਂ ਪਾਬੰਦੀ ਲਗਾਉਣ ਸਬੰਧੀ ਸਵਾਲ ‘ਤੇ ਉਨ੍ਹਾਂ ਕਿਹਾ ਕਿ ਖ਼ਤਰਾ ਸਾਫ਼ ਹੈ, ਪਰ ਇਸ ਬਾਰੇ ਅੰਤਿਮ ਫੈਸਲਾ ਭਾਰਤ ਸਰਕਾਰ ਨੇ ਕਰਨਾ ਹੈ।
ਇਸ ਤੋਂ ਇਲਾਵਾ, ਈਰਾਨ ਵਿੱਚ ਚੱਲ ਰਹੇ ਪ੍ਰਦਰਸ਼ਨਾਂ ‘ਤੇ ਟਿੱਪਣੀ ਕਰਦਿਆਂ ਰਾਜਦੂਤ ਨੇ ਕਿਹਾ ਕਿ ਇਹ ਪ੍ਰਦਰਸ਼ਨ ਇਰਾਨੀ ਲੋਕਾਂ ਦੀ ਦਹਾਕਿਆਂ ਤੋਂ ਦਬੀ ਹੋਈ ਨਾਰਾਜ਼ਗੀ ਨੂੰ ਦਰਸਾਉਂਦੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਰਾਨ ਦਾ ਮਜ਼ਬੂਤ ਸੁਰੱਖਿਆ ਤੰਤਰ ਤੁਰੰਤ ਰਾਜਨੀਤਿਕ ਬਦਲਾਅ ਨੂੰ ਅਨਿਸ਼ਚਿਤ ਬਣਾਉਂਦਾ ਹੈ। ਉਨ੍ਹਾਂ ਮੁਤਾਬਕ ਆਉਣ ਵਾਲੇ ਹਫ਼ਤੇ ਇਹ ਤੈਅ ਕਰਨਗੇ ਕਿ ਇਹ ਅੰਦੋਲਨ ਕਿਹੜੀ ਦਿਸ਼ਾ ਵੱਲ ਜਾਂਦਾ ਹੈ।