ਲੁਧਿਆਣਾ ਵਿੱਚ ਫਿਰੌਤੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਸਿਵਲ ਸਿਟੀ ਵਿੱਚ ਕੱਪੜੇ ਦੀ ਦੁਕਾਨ ‘ਤੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਹੁਣ ਐਮਬੀਡੀ ਮਾਲ ਨੇੜੇ ਕੱਪੜੇ ਦੀ ਦੁਕਾਨ ਚਲਾਉਣ ਵਾਲੇ ਵਪਾਰੀ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਸੂਤਰਾਂ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਸਰਾਭਾ ਨਗਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਮਨਪ੍ਰੀਤ ਸਿੰਘ ਲੁਧਿਆਣਾ ਵਿੱਚ ਕੱਪੜੇ ਦੀ ਦੁਕਾਨ ਚਲਾਉਂਦਾ ਹੈ। ਸ਼ਿਕਾਇਤ ਮੁਤਾਬਕ 3 ਜਨਵਰੀ ਨੂੰ ਉਸਦੇ ਬੇਟੇ ਕਮਲਪ੍ਰੀਤ ਸਿੰਘ ਨੂੰ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਵਟਸਐਪ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੈਰੀ ਬਾਕਸਰ ਵਜੋਂ ਦੱਸੀ।
ਕਮਲਪ੍ਰੀਤ ਵੱਲੋਂ ਕਾਲ ਕੱਟਣ ਤੋਂ ਬਾਅਦ ਆਰੋਪੀ ਨੇ ਵਟਸਐਪ ਵੌਇਸ ਸੁਨੇਹੇ ਰਾਹੀਂ 10 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ ਕਿ ਪੈਸੇ ਨਾ ਮਿਲਣ ‘ਤੇ ਦੁਕਾਨ ‘ਤੇ ਆ ਕੇ ਗੋਲੀ ਮਾਰ ਦਿੱਤੀ ਜਾਵੇਗੀ। ਧਮਕੀ ਸੁਨੇਹੇ ਵਿੱਚ ਡਰ ਪੈਦਾ ਕਰਨ ਲਈ ਅਬੋਹਰ ਵਿੱਚ ਹੋਏ ਇੱਕ ਪੁਰਾਣੇ ਕਤਲ ਦਾ ਵੀ ਹਵਾਲਾ ਦਿੱਤਾ ਗਿਆ।
ਵਪਾਰੀ ਪਰਿਵਾਰ ਨੇ ਪੁਲਿਸ ਕੋਲ ਆਪਣੀ ਜਾਨ ਅਤੇ ਜਾਇਦਾਦ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਸਬੂਤ ਵਜੋਂ ਵੌਇਸ ਸੁਨੇਹੇ ਪੁਲਿਸ ਨੂੰ ਸੌਂਪੇ ਗਏ ਹਨ। ਸਰਾਭਾ ਨਗਰ ਥਾਣੇ ਨੇ ਹੈਰੀ ਬਾਕਸਰ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 308(2), 351(2) ਅਤੇ 62 ਤਹਿਤ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਆਰੋਪੀ ਦੀ ਤਲਾਸ਼ ਵਿੱਚ ਜੁੱਟੀ ਹੋਈ ਹੈ।