ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦਾ ਰੂਪ ਸੁਹਾਵਾ
ਧੰਨ ਚੋਜੀ ਪ੍ਰੀਤਮ ਜੀ ਧੰਨ ਸਾਹਿਬ ਏ ਕਮਾਲ।
ਧੰਨ ਧੰਨ ਬਾਦਸ਼ਾਹ ਦਰਵੇਸ਼ ਜੀ ਦੀ ਸਾਜੀ ਬਾਣੀ
ਵੈਰੀਆਂ ਦੀ ਅਲਖ ਮੁਕਾਈ ਧੰਨ ਤੇਗ ਦਾ ਜਲਾਲ।।
ਧੰਨ ਗੁਰੂ ਗੋਬਿੰਦ ਸਿੰਘ ਜੀ ਕਾਮਿਲਿ-ਲ-ਅਖ਼ਲਾਕ
ਤੁਰਕ ਰਾਜ ਦੀ ਜੜ੍ਹ ਪੁੱਟੀ ਕੀਤਾ ਸੁਪਰਦੇ ਖ਼ਾਕ।
ਧੰਨ ਧੰਨ ਅਕਾਲ ਰੂਪ ਪੁਰਖ ਨੂਰ-ਏ-ਇਲਾਹੀ
ਧੰਨ ਕਾਲ ਦਾ ਗਿਆਤਾ ਧੰਨ ਧੰਨ ਸੰਤ-ਸਿਪਾਹੀ।।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ।।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਧੰਨ ਧੰਨ ਸ਼ਸਤ੍ਰਨ ਦੀ ਮਹਿਮਾ ਧੰਨ ਪੰਥ ਨਿਆਰਾ
ਬਾਣੀ ਬਾਣੇ ਦੇ ਧਾਰਨੀ ਅਲੋਕਿਕ ਰੂਪ ਨਿਆਰਾ।।
ਧੰਨ ਇਲਾਹੀ ਦਰਵੇਸ਼ ਧੰਨ ਨੀਲੇ ਘੋੜੇ ਦਾ ਸ਼ਾਹਸਵਾਰ
ਧੰਨ ਰਹਿਬਰ-ਏ-ਬਹਿਮੰਡ ਧੰਨ ਧੰਨ ਚੰਡੀ ਦੀ ਵਾਰ।
ਧੰਨ ਕਲਗੀਆਂ ਵਾਲਾ ਧੰਨ ਬਾਜ਼ਾਂ ਵਾਲੇ ਦਾ ਬੋਲਾਂ
ਧੰਨ ਭਗੌਤੀ ਧੰਨ ਕਾਲਕਾ ਸਨਮੁੱਖ ਨਾ ਕੋਈ ਰੌਲਾ।।
ਧੰਨ ਮੁਰਸ਼ਦ ਅਸੀਮ ਬਲਵਾਨ ਦਿਲਾਂ ਦੀਆਂ ਜਾਣਦਾ
ਚਹੁ ਤਖ਼ਤ ਦੇ ਰਾਜਨ ਸੀਸ ਪੁਰ ਕਾਲ ਛੱਤਰ ਤਾਣਦਾ।
ਧੰਨ ਖ਼ੁਦਾ ਬਖ਼ਸ਼ਣਹਾਰ ਪੰਡਿਤਾਂ ਦਾ ਦੁੱਖ ਨਾ ਸਹਾਰਿਆ
ਧੰਨ ਮਹਾਂਬਲੀ ਸੂਰਾ ਪੰਥ ਸਾਜ ਪਰਿਵਾਰ ਵਾਰਿਆਂ।।
ਜਰ, ਜ਼ੋਰੂ ਤੇ ਜ਼ਮੀਨ ਖਾਤਿਰ ਨਾ ਦਾਤੇ ਲੜੀਆਂ ਲੜ੍ਹਾਈਆਂ
ਧੰਨ ਪੈਗੰਬਰ ਮਜ਼ਲੂਮਾਂ ਦੀ ਰੱਖਿਆ ਕੀਤੀਆਂ ਚੜ੍ਹਾਈਆਂ।
ਧੰਨ ਮਹਾਨ ਸੈਨਾਨੀ ਕਕਾਰ ਬਖ਼ਸ਼ ਖ਼ਾਲਸਾ ਸਜਾਇਆ
ਰੱਚ ਜ਼ਫ਼ਰਨਾਮਾ ਔਰਗਜ਼ੇਬ ਜਹੁਨੰਮ ਪਹੁੰਚਾਇਆ।।
ਧੰਨ ਦੁਸ਼ਟ ਦਮਨ ਧੰਨ ਨੀਤੀਵਾਨ ਸ਼ਕਤੀਮਾਨ
ਧੰਨ ਉੱਚ ਕੋਟੀ ਲੇਖਣੀ ਰਚਿਆ ਸ੍ਰੀ ਜਾਪੁ ਸਾਹਿਬ ਮਹਾਨ।
ਧੰਨ ਸਾਹਿਬ-ਏ-ਇਲਮ ਦਾਰਸ਼ਨਿਕ ਯੋਧੇ ਮਹਾਨ
ਧੰਨ ਸਾਹਿਬ-ਏ-ਇਨਾਇਤ ਧੰਨ ਧੰਨ ਸਾਹਿਬ-ਏ-ਨਿਸ਼ਾਨ।।
ਧੰਨ ਸਾਹਿਬ-ਏ-ਹਿਕਮਤ ਧੰਨ ਸਾਹਿਬ ਤੇਰੀ ਸਚਿਆਈ
ਧੰਨ ਸਾਹਿਬ-ਏ-ਵਫ਼ਾ ਧੰਨ ਸਾਹਿਬ ਤੇਰੀ ਵਡਿਆਈ।
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੇਰੀ ਰਹਿਮਤਾਈ
ਨਿਮਾਣੇ ਸੁਰਿੰਦਰ ਅੱਖਰ ਸਜੋਂ ਕਵਿਤਾ ਵਿੱਚ ਮਹਿਮਾ ਗਾਈ।।
ਡਾ. ਸੁਰਿੰਦਰਪਾਲ ਸਿੰਘ