ਕਹਿੰਦੇ ਹਨ ਕਿ ਜੇ ਹੌਸਲੇ ਬੁਲੰਦ ਹੋਣ ਤਾਂ ਕੋਈ ਵੀ ਮੁਕਾਮ ਅਸੰਭਵ ਨਹੀਂ। ਲੁਧਿਆਣਾ ਦੇ ਕਾਰੋਬਾਰੀ ਪਰਿਵਾਰ ਨਾਲ ਸਬੰਧਿਤ 25 ਸਾਲਾ ਸ਼ੁਭਮ ਸਿੰਘਲਾ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ। ਚੱਲਣ-ਫਿਰਣ ਵਿੱਚ ਅਸਮਰਥ ਹੋਣ ਦੇ ਬਾਵਜੂਦ ਸ਼ੁਭਮ ਨੇ ਰਾਜਸਥਾਨ ਜੁਡੀਸ਼ਲ ਸਰਵਿਸ ਵਿੱਚ 43ਵਾਂ ਰੈਂਕ ਹਾਸਲ ਕਰ ਕੇ ਜੱਜ ਬਣਨ ਦਾ ਸੁਪਨਾ ਸਾਕਾਰ ਕੀਤਾ ਹੈ।
ਵੀਲਚੇਅਰ ’ਤੇ ਬੈਠ ਕੇ ਪੜ੍ਹਾਈ ਕਰਦੇ ਹੋਏ ਸ਼ੁਭਮ ਨੇ ਐਲਐਲਬੀ ਤੋਂ ਬਾਅਦ ਆਨਲਾਈਨ ਤਰੀਕੇ ਨਾਲ ਜੁਡੀਸ਼ਲੀ ਦੀ ਤਿਆਰੀ ਕੀਤੀ ਅਤੇ ਕਾਮਯਾਬੀ ਹਾਸਲ ਕੀਤੀ। ਆਪਣੀ ਇਸ ਸਫਲਤਾ ਦਾ ਸਾਰਾ ਸਹਿਰਾ ਉਸ ਨੇ ਆਪਣੇ ਮਾਪਿਆਂ ਅਤੇ ਦੋਸਤਾਂ ਨੂੰ ਦਿੱਤਾ ਹੈ, ਜਿਨ੍ਹਾਂ ਨੇ ਹਰ ਕਦਮ ’ਤੇ ਉਸ ਦਾ ਹੌਸਲਾ ਬਣਾਇਆ ਰੱਖਿਆ।
ਸ਼ੁਭਮ ਕਹਿੰਦਾ ਹੈ ਕਿ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਹੀਂ ਮੰਨਣੀ ਚਾਹੀਦੀ। ਉਹ ਨਾ ਸਿਰਫ਼ ਪੜ੍ਹਾਈ ਵਿੱਚ ਅੱਗੇ ਹੈ, ਸਗੋਂ ਗਾਇਕੀ ਅਤੇ ਗਿਟਾਰ ਵਜਾਉਣ ਦਾ ਵੀ ਸ਼ੌਕ ਰੱਖਦਾ ਹੈ। ਸ਼ੁਭਮ ਸਿੰਘਲਾ ਅੱਜ ਹੌਸਲੇ, ਮਿਹਨਤ ਅਤੇ ਹਿੰਮਤ ਦੀ ਇੱਕ ਪ੍ਰੇਰਣਾਦਾਇਕ ਮਿਸਾਲ ਬਣ ਚੁੱਕਾ ਹੈ।