ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਆਪਣੇ ਪੁੱਤਰ ਅਗਨੀਵੇਸ਼ ਅਗਰਵਾਲ ਦੇ ਅਚਾਨਕ ਦੇਹਾਂਤ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। 49 ਸਾਲਾ ਅਗਨੀਵੇਸ਼ ਦੀ ਮੌਤ ਨਿਊਯਾਰਕ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਅਗਨੀਵੇਸ਼ ਹਾਲ ਹੀ ਵਿੱਚ ਅਮਰੀਕਾ ਵਿੱਚ ਸਕੀਇੰਗ ਦੌਰਾਨ ਹੋਏ ਇੱਕ ਹਾਦਸੇ ਤੋਂ ਬਾਅਦ ਨਿਊਯਾਰਕ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਇਲਾਜ ਅਧੀਨ ਸਨ। ਅਨਿਲ ਅਗਰਵਾਲ ਨੇ ਕਿਹਾ ਕਿ ਉਹ ਹਾਦਸੇ ਤੋਂ ਬਾਅਦ ਚੰਗੀ ਤਰ੍ਹਾਂ ਸਿਹਤਯਾਬ ਹੋ ਰਹੇ ਸਨ ਅਤੇ ਪਰਿਵਾਰ ਨੂੰ ਲੱਗ ਰਿਹਾ ਸੀ ਕਿ ਸਭ ਤੋਂ ਮੁਸ਼ਕਲ ਦੌਰ ਲੰਘ ਗਿਆ ਹੈ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਅਨਿਲ ਅਗਰਵਾਲ ਨੇ ਇਸ ਦਿਨ ਨੂੰ ਆਪਣੀ ਜ਼ਿੰਦਗੀ ਦਾ “ਸਭ ਤੋਂ ਹਨੇਰਾ ਦਿਨ” ਕਰਾਰ ਦਿੰਦਿਆਂ ਕਿਹਾ ਕਿ ਅਗਨੀਵੇਸ਼ ਸਿਹਤਮੰਦ, ਜ਼ਿੰਦਗੀ ਨਾਲ ਭਰਪੂਰ ਅਤੇ ਸੁਪਨਿਆਂ ਨਾਲ ਭਰਿਆ ਹੋਇਆ ਸੀ। ਉਨ੍ਹਾਂ ਲਿਖਿਆ ਕਿ ਇੱਕ ਅਚਾਨਕ ਦਿਲ ਦੇ ਦੌਰੇ ਨੇ ਉਹਨਾਂ ਦਾ ਪੁੱਤਰ ਸਦਾ ਲਈ ਉਨ੍ਹਾਂ ਤੋਂ ਛੀਨ ਲਿਆ।
ਉਨ੍ਹਾਂ ਅਗਨੀਵੇਸ਼ ਦੀ ਜ਼ਿੰਦਗੀ ਦੇ ਸਫ਼ਰ ਨੂੰ ਯਾਦ ਕਰਦਿਆਂ ਦੱਸਿਆ ਕਿ ਉਹ 3 ਜੂਨ 1976 ਨੂੰ ਪਟਨਾ ਵਿੱਚ ਜਨਮੇ ਅਤੇ ਇੱਕ ਮੱਧ ਵਰਗੀ ਬਿਹਾਰੀ ਪਰਿਵਾਰ ਤੋਂ ਉੱਠ ਕੇ ਇੱਕ ਸਫਲ ਕਾਰੋਬਾਰੀ ਨੇਤਾ ਬਣੇ। ਅਨਿਲ ਅਗਰਵਾਲ ਨੇ ਕਿਹਾ ਕਿ ਅਗਨੀਵੇਸ਼ ਆਪਣੀ ਮਾਂ ਦੀ ਜ਼ਿੰਦਗੀ ਦੀ ਰੌਸ਼ਨੀ, ਇੱਕ ਸੁਰੱਖਿਆ ਦੇਣ ਵਾਲਾ ਭਰਾ, ਵਫ਼ਾਦਾਰ ਦੋਸਤ ਅਤੇ ਨਰਮਦਿਲ ਇਨਸਾਨ ਸੀ, ਜਿਸ ਨੇ ਹਰ ਕਿਸੇ ਦੇ ਦਿਲ ਨੂੰ ਛੂਹਿਆ।