ਅਮਰੀਕਾ ਦੇ ਮਿਨੀਐਪੋਲਿਸ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ‘ਚ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਦੇ ਇੱਕ ਅਧਿਕਾਰੀ ਨੇ ਆਪਣੀ ਕਾਰ ਵਿੱਚ ਬੈਠੀ ਮਹਿਲਾ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਵਾਹਨ ਹਾਦਸਾਗ੍ਰਸਤ ਹਾਲਤ ‘ਚ ਮਿਲਿਆ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।
ਗੋਲੀਬਾਰੀ ਮਗਰੋਂ ਵੱਡੀ ਗਿਣਤੀ ‘ਚ ਗੁੱਸੇ ਭਰੇ ਪ੍ਰਦਰਸ਼ਨਕਾਰੀ ਮੌਕੇ ‘ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਸਥਾਨਕ ਅਤੇ ਫੈਡਰਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ “ਸ਼ੇਮ, ਸ਼ੇਮ” ਅਤੇ “ICE ਮਿਨੇਸੋਟਾ ਤੋਂ ਬਾਹਰ ਜਾਓ” ਦੇ ਨਾਅਰੇ ਲਗਾਏ। ਪ੍ਰਦਰਸ਼ਨਕਾਰੀ ਸਿਟੀਆਂ ਵਜਾਉਂਦੇ ਰਹੇ, ਜੋ ਪਿਛਲੇ ਇਮੀਗ੍ਰੇਸ਼ਨ ਕਰੈਕਡਾਊਨਜ਼ ਦੀ ਯਾਦ ਦਿਵਾਉਂਦਾ ਦ੍ਰਿਸ਼ ਸੀ।
ਮਿਨੀਐਪੋਲਿਸ ਦੇ ਮੇਅਰ ਜੇਕਬ ਫ੍ਰੇ ਨੇ ਕਿਹਾ ਕਿ ਸ਼ਹਿਰ ਅਤੇ ਰਾਜ ਤੋਂ ICE ਨੂੰ ਤੁਰੰਤ ਹਟਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈਆਂ ਸ਼ਹਿਰ ‘ਚ ਸੁਰੱਖਿਆ ਨਹੀਂ, ਸਗੋਂ ਡਰ, ਅਣਵਿਸ਼ਵਾਸ ਅਤੇ ਅराजਕਤਾ ਪੈਦਾ ਕਰ ਰਹੀਆਂ ਹਨ। ਮੇਅਰ ਨੇ ਸਾਫ਼ ਕਿਹਾ ਕਿ ਇਹ ਗੋਲੀਬਾਰੀ ਸਵੈ-ਰੱਖਿਆ ਨਹੀਂ, ਸਗੋਂ ਲਾਪਰਵਾਹੀ ਸੀ ਅਤੇ ਫੈਡਰਲ ਅਧਿਕਾਰੀਆਂ ਦੇ ਦਾਵਿਆਂ ਨੂੰ ਖ਼ਾਰਜ ਕਰ ਦਿੱਤਾ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਘਟਨਾ ਸਵੈ-ਰੱਖਿਆ ਵਰਗੀ ਲੱਗਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮਹਿਲਾ ਨੇ ICE ਅਧਿਕਾਰੀ ਨੂੰ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਅਧਿਕਾਰੀ ਨੇ ਆਪਣੀ ਰੱਖਿਆ ਲਈ ਗੋਲੀ ਚਲਾਈ।
ਘਟਨਾ ਵਾਲਾ ਇਲਾਕਾ ਡਾਊਨਟਾਊਨ ਮਿਨੀਐਪੋਲਿਸ ਦੇ ਦੱਖਣ ‘ਚ ਸਥਿਤ ਇੱਕ ਆਮ ਰਿਹਾਇਸ਼ੀ ਇਲਾਕਾ ਹੈ, ਜੋ ਪੁਰਾਣੇ ਪ੍ਰਵਾਸੀ ਬਾਜ਼ਾਰਾਂ ਦੇ ਨੇੜੇ ਹੈ ਅਤੇ ਉਸ ਸਥਾਨ ਤੋਂ ਵੀ ਜ਼ਿਆਦਾ ਦੂਰ ਨਹੀਂ ਜਿੱਥੇ 2020 ‘ਚ ਜਾਰਜ ਫਲੌਇਡ ਦੀ ਮੌਤ ਹੋਈ ਸੀ। ਮਹਿਲਾ ਦੀ ਪਹਿਚਾਣ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।