ਪੰਜਾਬੀ ਗਾਇਕ ਰਮਨਦੀਪ ਸਿੰਘ ਉਰਫ਼ ਰਾਮੀ ਰੰਧਾਵਾ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਹਥਿਆਰ ਦਿਖਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਅੰਮ੍ਰਿਤਸਰ (ਦੇਹਾਤੀ) ਪੁਲਿਸ ਨੇ ਉਸ ਦੀ ਫੇਸਬੁੱਕ ਪੋਸਟ ਦਾ ਸੁਓ ਮੋਟੋ ਸੰਜਾਣ ਲੈਂਦਿਆਂ ਕਾਰਵਾਈ ਕੀਤੀ।
ਪੁਲਿਸ ਮੁਤਾਬਕ, ਰਾਮੀ ਰੰਧਾਵਾ ਵੱਲੋਂ ਫੇਸਬੁੱਕ ‘ਤੇ ਹਥਿਆਰਾਂ ਨਾਲ ਸੰਬੰਧਤ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ। ਸਮੱਗਰੀ ਦੀ ਤਸਦੀਕ ਤੋਂ ਬਾਅਦ ਅਜਨਾਲਾ ਪੁਲਿਸ ਨੇ ਉਸ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 223 ਅਤੇ ਆਰਮਜ਼ ਐਕਟ ਦੀਆਂ ਸੰਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ।
ਏਐਸਆਈ ਕਨਵਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਖਾਸ ਸੂਚਨਾ ਮਿਲੀ ਸੀ ਕਿ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਹਥਿਆਰਾਂ ਨਾਲ ਜੁੜੀਆਂ ਐਤਰਾਜ਼ਯੋਗ ਤਸਵੀਰਾਂ ਪਾਈਆਂ ਹਨ। ਜਾਂਚ ਦੌਰਾਨ ਜਾਣਕਾਰੀ ਸਹੀ ਪਾਈ ਗਈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ‘ਤੇ ਹਥਿਆਰ ਦਿਖਾਉਣਾ ਕਾਨੂੰਨ ਦੀ ਉਲੰਘਣਾ ਹੈ, ਇਸ ਲਈ ਮਾਮਲਾ ਦਰਜ ਕੀਤਾ ਗਿਆ ਹੈ।