ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਦੇ ਮਾਮਲੇ ਦੀ ਸੁਣਵਾਈ ਦੌਰਾਨ ਸੜਕ ਸੁਰੱਖਿਆ ‘ਤੇ ਚਿੰਤਾ ਜਤਾਈ ਹੈ। ਜਸਟਿਸ ਵਿਕ੍ਰਮ ਨਾਥ, ਸੰਦੀਪ ਮਹਿਤਾ ਅਤੇ ਐਨ.ਵੀ. ਅੰਜਾਰੀਆ ਦੀ ਬੈਂਚ ਨੇ ਕਿਹਾ ਕਿ “ਕੁੱਤਾ ਕਦੋਂ ਕੱਟੇਗਾ, ਇਹ ਕਿਸੇ ਨੂੰ ਪਤਾ ਨਹੀਂ—ਰੋਕਥਾਮ ਇਲਾਜ ਨਾਲੋਂ ਬਿਹਤਰ ਹੈ।”
ਅਦਾਲਤ ਨੇ ਕਿਹਾ ਕਿ ਸੜਕਾਂ, ਸਕੂਲਾਂ ਅਤੇ ਸੰਸਥਾਗਤ ਖੇਤਰਾਂ ਤੋਂ ਕੁੱਤੇ ਹਟਾਏ ਜਾਣੇ ਚਾਹੀਦੇ ਹਨ ਕਿਉਂਕਿ ਉਹ ਹਾਦਸਿਆਂ ਦਾ ਕਾਰਨ ਬਣਦੇ ਹਨ, ਭਾਵੇਂ ਕੱਟਣ ਨਾ ਵੀ। ਬੈਂਚ ਨੇ 2018 ਵਿੱਚ ਜਾਰੀ ਕੀਤੇ ABC ਨਿਯਮਾਂ ਦੇ ਢਿੱਲੇ ਲਾਗੂ ਹੋਣ ‘ਤੇ ਨਾਰਾਜ਼ਗੀ ਜਤਾਈ।
ਸੀਨੀਅਰ ਵਕੀਲ ਕਪਿਲ ਸਿਬਲ ਨੇ ਕਿਹਾ ਕਿ ਹਿੰਸਕ ਕੁੱਤਿਆਂ ਨੂੰ ਫੜ ਕੇ ਸਟੇਰਿਲਾਈਜ਼ ਕਰਕੇ ਵਾਪਸ ਛੱਡਿਆ ਜਾ ਸਕਦਾ ਹੈ, ਜਿਸ ‘ਤੇ ਅਦਾਲਤ ਨੇ ਤੰਜ ਕੱਸਦਿਆਂ ਕਿਹਾ ਕਿ “ਕੁੱਤਿਆਂ ਨੂੰ ਕੌਂਸਲਿੰਗ ਦੇਣੀ ਹੀ ਬਾਕੀ ਰਹਿ ਗਈ ਹੈ।”
ਸਾਲ ਨਵੰਬਰ ਵਿੱਚ ਸੁਪਰੀਮ ਕੋਰਟ ਨੇ ਸਕੂਲਾਂ, ਹਸਪਤਾਲਾਂ, ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੋਂ ਆਵਾਰਾ ਕੁੱਤੇ ਹਟਾਉਣ ਦੇ ਹੁਕਮ ਦਿੱਤੇ ਸਨ। ਕੇਂਦਰ ਵੱਲੋਂ ਸੋਲਿਸਿਟਰ ਜਨਰਲ ਨੇ ਕਿਹਾ ਕਿ ਗੇਟਡ ਸੋਸਾਇਟੀਆਂ ਵਿੱਚ ਕੁੱਤਿਆਂ ਬਾਰੇ ਫ਼ੈਸਲਾ RWA ਨੂੰ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ।