ਔਕਲੈਂਡ, 06 ਜਨਵਰੀ 2026: -ਵਿਦੇਸ਼ ਮੰਤਰੀ ਦਾ ਸਭ ਤੋਂ ਵੱਡਾ ਕੰਮ ਦੂਜੀਆਂ ਰਿਆਸਤਾਂ ਅਤੇ ਵਿਦੇਸ਼ੀ ਤਾਕਤਾਂ (ਖਾਸ ਕਰਕੇ ਅੰਗਰੇਜ਼ਾਂ ਅਤੇ ਅਫ਼ਗਾਨਾਂ) ਨਾਲ ਸਬੰਧ ਬਣਾ ਕੇ ਰੱਖਣਾ ਸੀ। ਫ਼ਕੀਰ ਅਜ਼ੀਜ਼ੁਦੀਨ ਨੇ 1809 ਦੀ ਅੰਮ੍ਰਿਤਸਰ ਦੀ ਸੰਧੀ ਵਰਗੇ ਅਹਿਮ ਸਮਝੌਤਿਆਂ ਵਿੱਚ ਮੁੱਖ ਭੂਮਿਕਾ ਨਿਭਾਈ, ਜਿਸ ਨੇ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕੀਤਾ। ਆਓ ਜਾਣੀਏ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਬਾਰੇ:-
ਫ਼ਕੀਰ ਅਜ਼ੀਜ਼ ਉਦ-ਦੀਨ (1780-1845) : ਹਕੀਮ, ਨੀਤੀਵਾਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿਚ ਵਿਦੇਸ਼ ਮੰਤਰੀ ਲਾਹੌਰ ਦੇ ਪ੍ਰਸਿੱਧ ਹਕੀਮ ਗੁਲਾਮ ਮੁਹੀ ਉਦ-ਦੀਨ ਦਾ ਜੇਠਾ ਪੁੱਤਰ ਸੀ। ਇਸ ਦੇ ਦੋ ਭਰਾਵਾਂ ਵਿਚੋਂ ਨੂਰ ਉਦ-ਦੀਨ ਕੋਲ ਲਾਹੌਰ ਸ਼ਹਿਰ ਦਾ ਬੰਦੋਬਸਤ ਸੀ ਅਤੇ ਉਹ ਗੁਜਰਾਤ ਦਾ ਨਾਜ਼ਮ ਰਹਿ ਚੁੱਕਿਆ ਸੀ। ਇਮਾਮ ਉਦ-ਦੀਨ ਅੰਮ੍ਰਿਤਸਰ ਦੇ ਗੋਬਿੰਦਗੜ੍ਹ ਕਿਲੇ ਦਾ ਕਿਲੇਦਾਰ ਸੀ। ਇਹ ਪਰਵਾਰ ਆਪਣਾ ਸੰਬੰਧ ਮੱਧ ਏਸ਼ੀਆ ਦੇ ਬੁਖਾਰਾ ਤੋਂ ਆਏ ਅਰਬ ਪਰਵਾਸੀ ਅੰਸਾਰੀ ਘਰਾਣੇ ਨਾਲ ਜੋੜਦਾ ਹੈ। ਜਿਹੜਾ ਹਕੀਮਾਂ ਦੇ ਤੌਰ ਤੇ ਲਾਹੌਰ ਆ ਕੇ ਆਬਾਦ ਹੋ ਗਿਆ ਸੀ। ਮੁਢਲੇ ਤੌਰ ਤੇ ਅਜ਼ੀਜ਼ ਉਦ-ਦੀਨ ਵੀ ਹਕੀਮ ਕਰਕੇ ਜਾਣਿਆ ਜਾਂਦਾ ਸੀ। ਇਸ ਦੇ ਨਾਂ ਨਾਲ ਫ਼ਕੀਰ ਸ਼ਬਦ ਅਗੇਤਰ ਵਜੋਂ ਵਰਤਿਆ ਬਰਤਾਨਵੀ ਸਰਕਾਰੀ ਚਿੱਠੀ-ਪੱਤਰ ਵਿਚ 1826 ਈ. ਉਪਰੰਤ ਹੀ ਮਿਲਦਾ ਹੈ। ਫ਼ਾਰਸੀ ਵਿਚ ਫ਼ਕੀਰ ਸ਼ਬਦ ਸਾਧ-ਬਿਰਤੀ ਵਾਲੇ ਮਨੁੱਖ ਲਈ ਵਰਤਿਆ ਜਾਂਦਾ ਹੈ ਅਤੇ ਅਜ਼ੀਜ਼ ਉਦ-ਦੀਨ ਨੇ ਇਹ ਸ਼ਬਦ ਸਾਦਗੀ ਅਤੇ ਨਿਮਰਤਾ ਦੇ ਨਿਸ਼ਾਨੀ ਵਜੋਂ ਅਪਣਾ ਲਿਆ। ਦਰਬਾਰ ਵਿਚ ਇਸ ਨੂੰ ਫ਼ਕੀਰ ਰਜ਼ਾ ਕਿਆ ਜਾਂਦਾ ਸੀ।
ਸੰਨ 1799 ਵਿਚ ਜਦੋਂ ਰਣਜੀਤ ਸਿੰਘ ਨੇ ਲਾਹੌਰ ਤੇ ਕਬਜ਼ਾ ਕੀਤਾ ਤਾਂ ਉਸ ਸਮੇਂ ਅਜ਼ੀਜ਼ ਉਦ-ਦੀਨ ਲਾਹੌਰ ਦੇ ਪ੍ਰਮੁੱਖ ਹਕੀਮ, ਹਾਕਮ ਰਾਇ ਕੋਲ ਵੈਦਗੀ ਸਿੱਖ ਰਿਹਾ ਸੀ। ਮਹਾਰਾਜੇ ਦੀ ਅੱਖ ਦਾ ਇਲਾਜ ਕਰਨ ਲਈ ਬੁਲਾਏ ਜਾਣ ਤੇ ਇਸ ਨੇ ਆਪਣੇ ਸ਼ਾਗਿਰਦ ਅਜ਼ੀਜ਼ ਉਦ-ਦੀਨ ਨੂੰ ਭੇਜ ਦਿੱਤਾ। ਰਣਜੀਤ ਸਿੰਘ ਇਸ ਨੌਜਵਾਨ ਅਜ਼ੀਜ਼ ਉਦ-ਦੀਨ ਦੀ ਸਿਆਣਪ ਅਤੇ ਹੁਨਰ ਤੋਂ ਅਜਿਹਾ ਪ੍ਰਭਾਵਿਤ ਹੋਇਆ ਕਿ ਕੁਝ ਹੀ ਸਮੇਂ ਪਿੱਛੋਂ ਉਸ ਨੇ ਅਜ਼ੀਜ਼ ਉਦ-ਦੀਨ ਨੂੰ ਆਪਣਾ ਨਿੱਜੀ ਹਕੀਮ ਨਿਯੁਕਤ ਕਰ ਲਿਆ ਅਤੇ ਇਸ ਨੂੰ ਜਗੀਰ ਦੇ ਦਿੱਤੀ। ਨਾਲ ਹੀ ਇਸ ਨੂੰ ਫ਼ਾਰਸੀ ਵਿਚ ਸਰਕਾਰ ਦੇ ਕਾਗਜ਼ਾਤ ਲਿਖਣ ਦਾ ਕੰਮ ਵੀ ਸੌਂਪਿਆ ਗਿਆ ਜਿਸ ਕਾਰਨ ਇਹ ਮਹਾਰਾਜੇ ਦੇ ਹੋਰ ਵੀ ਨੇੜੇ ਆ ਗਿਆ। ਮਹਾਰਾਜੇ ਦੀਆਂ ਨੀਤੀਆਂ ਨੂੰ ਠੀਕ ਸਮਝ ਸਕਣ ਦੀ ਯੋਗਤਾ ਸਦਕਾ ਮਹਾਰਾਜੇ ਨੇ ਇਸ ਨੂੰ ਆਪਣਾ ਵਿਸ਼ਵਾਸ ਪਾਤਰ ਸਮਝਣਾ ਸ਼ੁਰੂ ਕਰ ਦਿੱਤਾ। ਫ਼ਕੀਰ ਅਜ਼ੀਜ਼ ਉਦ-ਦੀਨ ਦਾ ਪਹਿਲਾ ਮੁੱਖ ਰਾਜਨੀਤਿਕ ਕੰਮ ਬਰਤਾਨਵੀ ਦੂਤ ਚਾਰਲਸ ਮੈਟਕਾਫ਼ ਦੀ ਆਓ ਭਗਤ ਕਰਨਾ ਅਤੇ ਉਸ ਨਾਲ ਮਹਾਰਾਜੇ ਦੇ ਵਾਰਤਾਲਾਪ ਸਮੇਂ ਸਹਾਇਤਾ ਕਰਨਾ ਸੀ। ਇਹ ਗੱਲਬਾਤ ਹੀ ਅੰਮ੍ਰਿਤਸਰ ਸੰਧੀ (1809) ਦਾ ਮੂਲ ਆਧਾਰ ਬਣੀ। ਸਿੱਖ ਮਹਾਰਾਜੇ ਵੱਲੋਂ 1810 ਵਿਚ ਇਸਨੇ ਡੇਵਿਡ ਆਕਟਰਲੋਨੀ ਨਾਲ ਗੱਲਬਾਤ ਕੀਤੀ। 1813 ਵਿਚ ਇਸ ਨੇ ਮਹਾਰਾਜਾ ਦੁਆਰਾ ਅਟਕ ਦੇ ਜਿੱਤੇ ਗਏ ਖੇਤਰਾਂ ਵਿਚ ਅਮਨ-ਕਾਨੂੰਨ ਕਾਇਮ ਕਰਨ ਲਈ ਅਫ਼ਗਾਨ ਗਵਰਨਰ ਜਹਾਂਦਾਦ ਖਾਨ ਨੂੰ ਜਗੀਰ ਲੈ ਕੇ ਕਿਲਾ ਖਾਲੀ ਕਰਨ ਤੇ ਰਾਜ਼ੀ ਕਰ ਲਿਆ। ਇਸ ਨਾਲ ਫ਼ਕੀਰ ਅਜ਼ੀਜ਼ ਉਦ-ਦੀਨ ਦੀ ਅਜੇਹੀ ਚੜ੍ਹਤ ਬਣ ਗਈ ਕਿ ਰਣਜੀਤ ਸਿੰਘ ਦੇ ਸਾਰੇ ਰਾਜ-ਕਾਲ ਵਿਚ ਇਹ ਵਿਦੇਸ਼ੀ ਸੰਬੰਧਾਂ ਦੇ ਸੰਵੇਦਨਸ਼ੀਲ ਮਾਮਲਿਆਂ ਦੇ ਸੁਲਝਾਉਣ ਲਈ ਪ੍ਰਮੁੱਖ ਜ਼ਿੰਮੇਦਾਰ ਬਣਿਆ ਰਿਹਾ।
1815 ਵਿਚ ਇਸ ਨੇ ਮੰਡੀ ਅਤੇ ਰਾਜੌਰੀ ਦੇ ਰਾਜੇ ਅਤੇ ਬਹਾਵਲਪੁਰ ਦੇ ਨਵਾਬ ਨਾਲ ਗੱਲਬਾਤ ਕੀਤੀ। 1823 ਵਿਚ ਇਸ ਨੂੰ ਪਿਸ਼ਾਵਰ ਦੇ ਯਾਰ ਮੁਹੰਮਦ ਖਾਨ ਬਾਰਕਜ਼ਈ ਤੋਂ ਮਾਲੀਆ ਉਗਰਾਉਣ ਲਈ ਭੇਜਿਆ ਗਿਆ। 1824 ਵਿਚ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੀ ਮੌਤ ਪਿੱਛੋਂ ਉਸ ਦੇ ਪੁੱਤਰ ਅਨਿਰੁਧ ਚੰਦ ਨੇ ਜਦੋਂ ਖਾਲਸਾ ਦਰਬਾਰ ਨੂੰ ਨਜ਼ਰਾਨਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਅਜ਼ੀਜ਼ ਉਦ-ਦੀਨ ਉਸ ਨੂੰ ਨਦੌਣ ਵਿਖੇ ਮਿਲਿਆ ਅਤੇ ਮਹਾਰਾਜੇ ਦੀ ਪ੍ਰਮੁੱਖਤਾ ਸਵੀਕਾਰਨ ਲਈ ਉਸ ਨੂੰ ਰਜ਼ਾਮੰਦ ਕਰ ਲਿਆ। 1827 ਵਿਚ ਇਸ ਨੂੰ ਬਰਤਾਨਵੀ ਗਵਰਨਰ ਜਨਰਲ ਲਾਰਡ ਐਮਹਰਸਟ ਨਾਲ ਰਸਮੀ ਮੁਲਾਕਾਤ ਲਈ ਸ਼ਿਮਲਾ ਭੇਜਿਆ ਗਿਆ। ਅਪ੍ਰੈਲ 1831 ਵਿਚ ਲਾਰਡ ਵਿਲੀਅਮ ਬੈਂਟਿੰਕ ਨੂੰ ਮਿਲਣ ਲਈ ਸਰਦਾਰ ਹਰੀ ਸਿੰਘ ਨਲੂਏ ਦੀ ਅਗਵਾਈ ਵਿਚ ਭੇਜੇ ਗਏ ਇਕ ਸਦ-ਭਾਵਨਾ ਵਫਦ ਵਿਚ ਵੀ ਫ਼ਕੀਰ ਅਜ਼ੀਜ਼ ਉਦ-ਦੀਨ ਸ਼ਾਮਲ ਸੀ। ਸਰਦਾਰ ਨਲੂਏ ਨੂੰ ਮਹਾਰਾਜੇ ਦਾ ਆਦੇਸ਼ ਸੀ ਕਿ ਉਹ ਦੀਵਾਨ ਮੋਤੀ ਰਾਮ ਅਤੇ ਸਾਧਨ ਸੰਪੰਨ ਫ਼ਕੀਰ ਦੀ ਸਲਾਹ ਤੇ ਭਰੋਸਾ ਕਰੇ। 1838 ਦੇ ਅਖੀਰ ਵਿਚ ਲਾਰਡ ਆਕਲੈਂਡ ਨਾਲ ਹੋਈ ਗੱਲ ਬਾਤ ਸਮੇਂ ਅਜ਼ੀਜ਼ ਉਦ-ਦੀਨ ਮਹਾਰਾਜੇ ਵੱਲੋਂ ਵਿਆਖਿਆਕਾਰ ਦੇ ਤੌਰ ਤੇ ਮੌਜੂਦ ਸੀ।
ਫ਼ਕੀਰ ਅਜ਼ੀਜ਼ ਉਦ-ਦੀਨ ਨੂੰ ‘ਮਹਾਰਾਜਾ ਦੀ ਆਵਾਜ਼’ ਅਤੇ ਆਪਣੇ ਮਾਲਕ ਦਾ ਤਰਜਮਾਨ ਕਿਹਾ ਗਿਆ ਹੈ। ਇਹ ਅਰਬੀ ਅਤੇ ਫ਼ਾਰਸੀ ਦਾ ਵਿਦਵਾਨ ਸੀ ਅਤੇ ‘ਆਪਣੇ ਸਮੇਂ ਦਾ ਸਭ ਤੋਂ ਵਧੀਆ ਵਕਤਾ’ ਲਿਖਣ ਅਤੇ ਬੋਲਣ ਵਿਚ ਇਕਸਾਰ ਨਿਪੁੰਨ ਸੀ। ਉਹ ਮਹਾਰਾਜਾ ਦੇ ਸਭ ਤੋਂ ਵੱਧ ਸੁਘੜ ਅਤੇ ਨਿਪੁੰਨ ਦਰਬਾਰੀਆਂ ਵਿਚ ਇਕ ਸੀ ਜਿਸ ਨੂੰ ਬਹੁਤ ਸਾਊ, ਮਿਲਣਸਾਰ ਅਤੇ ਉਦਾਰ ਚਿੱਤ ਕਰਕੇ ਜਾਣਿਆ ਜਾਂਦਾ ਸੀ। ਮਹਾਰਾਜਾ ਇਸ ਤੇ ਪੂਰਨ ਵਿਸ਼ਵਾਸ ਕਰਦਾ ਸੀ ਅਤੇ ਉਸ ਨੇ ਇਸ ਨੂੰ ਚੋਖੀਆਂ ਜਗੀਰਾਂ ਅਤੇ ਇਨਾਮਾਂ ਨਾਲ ਸਨਮਾਨਿਆ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਪਿੱਛੋਂ ਅਜ਼ੀਜ਼ ਉਦ-ਦੀਨ ਖਾਲਸਾ ਦਰਬਾਰ ਵਿਚ ਹਾਜ਼ਰ ਰਿਹਾ। ਇਹ ਦਸੰਬਰ 1839 ਵਿਚ ਸ਼ਿਮਲੇ ਵਿਖੇ ਲਾਰਡ ਔਕਲੈਂਡ ਨੂੰ ਮਹਾਰਾਜਾ ਖੜਕ ਸਿੰਘ ਵੱਲੋਂ ਅਭਿਨੰਦਨੀ ਦੂਤ ਵਜੋਂ ਮਿਲਿਆ। ਇਸੇ ਪ੍ਰਕਾਰ ਮਹਾਰਾਜਾ ਸ਼ੇਰ ਸਿੰਘ ਵੱਲੋਂ ਵੀ ਇਹ ਦਸੰਬਰ 1842 ਵਿਚ ਫਿਰੋਜ਼ਪੁਰ ਵਿਖੇ ਲਾਰਡ ਐਲਨਬਰੋ ਨੂੰ ਮਿਲਣ ਗਿਆ। ਇਹ ਪੂਰੀ ਸਮਝਦਾਰੀ ਨਾਲ ਧੜੇਬੰਦੀ ਅਤੇ ਸਾਜ਼ਸ਼ਾਂ ਭਰੇ ਮਾਹੌਲ ਤੋਂ ਲਾਂਭੇ ਰਹਿਣ ਵਿਚ ਸਫਲ ਰਿਹਾ। ਘਟਨਾਵਾਂ ਦੇ ਬਦਲੇ ਚੱਕਰ ਅਤੇ ਆਪਣੇ ਦੋ ਲੜਕਿਆਂ ਦੀ ਮੌਤ ਉਪਰੰਤ ਉਦਾਸੀ ਵਿਚ ਇਹ 3 ਦਸੰਬਰ 1845 ਨੂੰ ਲਾਹੌਰ ਵਿਖੇ ਚਲਾਣਾ ਕਰ ਗਿਆ।
-ਸ੍ਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।