ਬੰਗਲਾਦੇਸ਼ ਵਿੱਚ ਇੱਕ ਹੋਰ ਹਿੰਸਕ ਘਟਨਾ ਦੌਰਾਨ 45 ਸਾਲਾ ਹਿੰਦੂ ਫੈਕਟਰੀ ਮਾਲਿਕ ਰਾਣਾ ਪ੍ਰਤਾਪ ਦੀ ਗੋਲੀਆਂ ਮਾਰ ਕੇ ਅਤੇ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ। ਰਾਣਾ ਪ੍ਰਤਾਪ ਇੱਕ ਅਖ਼ਬਾਰ ਦਾ ਕਾਰਜਕਾਰੀ ਸੰਪਾਦਕ ਵੀ ਸੀ। ਇਹ ਵਾਕਿਆ ਸੋਮਵਾਰ ਸ਼ਾਮ ਕਰੀਬ 6 ਵਜੇ ਦੱਖਣ-ਪੱਛਮੀ ਬੰਗਲਾਦੇਸ਼ ਦੇ ਜਸ਼ੋਰ ਜ਼ਿਲ੍ਹੇ ਦੇ ਮਨਿਰਾਮਪੁਰ ਉਪਜ਼ਿਲ੍ਹੇ ਦੇ ਕੋਪਾਲੀਆ ਬਾਜ਼ਾਰ ਇਲਾਕੇ ਵਿੱਚ ਵਾਪਰਿਆ।
ਸਥਾਨਕ ਸੂਤਰਾਂ ਮੁਤਾਬਕ, ਮੋਟਰਸਾਈਕਲ ‘ਤੇ ਆਏ ਹਮਲਾਵਰਾਂ ਨੇ ਪ੍ਰਤਾਪ ਨੂੰ ਉਸ ਦੀ ਆਈਸ ਫੈਕਟਰੀ ਤੋਂ ਬਾਹਰ ਬੁਲਾਇਆ, ਗਲੀ ਵਿੱਚ ਲੈ ਜਾ ਕੇ ਉਸ ਦੇ ਸਿਰ ਵਿੱਚ ਕਈ ਗੋਲੀਆਂ ਮਾਰੀਆਂ ਅਤੇ ਬਾਅਦ ਵਿੱਚ ਗਲਾ ਵੀ ਕੱਟ ਦਿੱਤਾ। ਮੌਕੇ ਤੋਂ ਸੱਤ ਖੋਖੇ ਬਰਾਮਦ ਹੋਏ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਜਾਰੀ ਹੈ।
ਪੁਲਿਸ ਅਤੇ ਸਥਾਨਕ ਆਗੂਆਂ ਨੇ ਦੱਸਿਆ ਕਿ ਰਾਣਾ ਪ੍ਰਤਾਪ ‘ਤੇ ਪਹਿਲਾਂ ਕਈ ਕੇਸ ਦਰਜ ਸਨ ਅਤੇ ਕੁਝ ਲੋਕਾਂ ਨੇ ਉਸ ਦੇ ਕਥਿਤ ਤੌਰ ‘ਤੇ ਇੱਕ ਉਗਰਵਾਦੀ ਗਰੁੱਪ ਨਾਲ ਜੁੜਾਅ ਦਾ ਦਾਅਵਾ ਵੀ ਕੀਤਾ ਹੈ। ਹਾਲਾਂਕਿ, ਅਖ਼ਬਾਰ ਦੇ ਨਿਊਜ਼ ਐਡੀਟਰ ਨੇ ਕਿਹਾ ਕਿ ਉਹ ਸਾਰੇ ਮਾਮਲਿਆਂ ਵਿੱਚ ਬਰੀ ਹੋ ਚੁੱਕਾ ਸੀ।
ਇਹ ਹੱਤਿਆ ਹਾਲੀਆ ਦਿਨਾਂ ਵਿੱਚ ਹਿੰਦੂ ਘੱਟਗਿਣਤੀ ਖ਼ਿਲਾਫ਼ ਵਧ ਰਹੀ ਹਿੰਸਾ ਦੀ ਲੜੀ ਦਾ ਹਿੱਸਾ ਮੰਨੀ ਜਾ ਰਹੀ ਹੈ। ਦਸੰਬਰ ਤੋਂ ਹੁਣ ਤੱਕ ਇੱਕ ਹਿੰਦੂ ਵਿਧਵਾ ਨਾਲ ਬਲਾਤਕਾਰ ਅਤੇ ਘੱਟੋ-ਘੱਟ ਤਿੰਨ ਹਿੰਦੂ ਮਰਦਾਂ ਦੀ ਹੱਤਿਆ ਹੋ ਚੁੱਕੀ ਹੈ, ਜਿਸ ਕਾਰਨ ਮੁਹੰਮਦ ਯੂਨੁਸ ਦੀ ਅੰਤਰਿਮ ਸਰਕਾਰ ‘ਤੇ ਸਖ਼ਤ ਆਲੋਚਨਾ ਹੋ ਰਹੀ ਹੈ।
ਭਾਰਤ ਨੇ ਵੀ ਬੰਗਲਾਦੇਸ਼ ਵਿੱਚ ਘੱਟਗਿਣਤੀਆਂ ਖ਼ਿਲਾਫ਼ “ਲਗਾਤਾਰ ਦੁਸ਼ਮਨੀ” ‘ਤੇ ਗੰਭੀਰ ਚਿੰਤਾ ਜਤਾਈ ਹੈ। ਦੂਜੇ ਪਾਸੇ, ਬੰਗਲਾਦੇਸ਼ ਸਰਕਾਰ ਨੇ ਕਿਹਾ ਹੈ ਕਿ ਉਹ ਦੇਸ਼ ਵਿੱਚ ਘੱਟਗਿਣਤੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ।