ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੱਡੀਆਂ ਤਾਕਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੋਰ ਦੇਸ਼ਾਂ ਦੇ ਵਿਕਾਸੀ ਰਾਹ ਦੀ ਇੱਜ਼ਤ ਕਰਨ ਅਤੇ ਇਕਪੱਖੀ ਤੇ ਦਬਾਉ ਵਾਲੀਆਂ ਨੀਤੀਆਂ ਤੋਂ ਬਚਣ। ਇਹ ਬਿਆਨ ਅਮਰੀਕਾ ਵੱਲੋਂ ਵੇਨੇਜ਼ੁਏਲਾ ਵਿੱਚ ਕੀਤੀ ਗਈ ਕਾਰਵਾਈ ਅਤੇ ਰਾਸ਼ਟਰਪਤੀ ਨਿਕੋਲਾਸ ਮਾਦੁਰੋ ਦੀ ਗਿਰਫ਼ਤਾਰੀ ਸਬੰਧੀ ਇਕ ਪਰੋਖੀ ਆਲੋਚਨਾ ਵਜੋਂ ਦੇਖਿਆ ਜਾ ਰਿਹਾ ਹੈ।
ਆਇਰਲੈਂਡ ਦੇ ਪ੍ਰਧਾਨ ਮੰਤਰੀ ਮਾਈਕਲ ਮਾਰਟਿਨ ਨਾਲ ਮੀਟਿੰਗ ਦੌਰਾਨ ਸ਼ੀ ਜਿਨਪਿੰਗ ਨੇ ਕਿਹਾ ਕਿ ਅੱਜ ਦੀ ਦੁਨੀਆ ਇੱਕ ਸਦੀ ਵਿੱਚ ਪਹਿਲੀ ਵਾਰ ਐਸੇ ਉਥਲ-ਪੁਥਲ ਭਰੇ ਦੌਰ ਵਿਚੋਂ ਲੰਘ ਰਹੀ ਹੈ, ਜਿੱਥੇ ਇਕਪੱਖੀ ਅਤੇ ਧੱਕੇਸ਼ਾਹੀ ਵਾਲੀਆਂ ਕਾਰਵਾਈਆਂ ਅੰਤਰਰਾਸ਼ਟਰੀ ਵਵਸਥਾ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੀਆਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵੱਡੀਆਂ ਤਾਕਤਾਂ ਨੂੰ ਚਾਹੀਦਾ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਵਿੱਚ ਅੱਗੇ ਆਉਣ।
ਇਸ ਤੋਂ ਪਹਿਲਾਂ ਚੀਨ ਨੇ ਅਮਰੀਕਾ ਵੱਲੋਂ ਕੀਤੀ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਸੀ। ਚੀਨ ਨੇ ਕਿਹਾ ਕਿ ਇਹ ਕਦਮ ਇੱਕ ਖ਼ੁਦਮੁਖ਼ਤਿਆਰ ਦੇਸ਼ ਖ਼ਿਲਾਫ਼ ਬਲ ਦੀ ਖੁੱਲ੍ਹੀ ਵਰਤੋਂ ਹੈ, ਜੋ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ।
ਚੀਨ ਨੇ ਦੁਹਰਾਇਆ ਕਿ ਵੇਨੇਜ਼ੁਏਲਾ ਨੂੰ ਬਿਨਾਂ ਕਿਸੇ ਬਾਹਰੀ ਦਬਾਅ ਦੇ ਹੋਰ ਦੇਸ਼ਾਂ ਨਾਲ ਆਰਥਿਕ ਸਹਿਯੋਗ ਕਰਨ ਦਾ ਪੂਰਾ ਅਧਿਕਾਰ ਹੈ।
ਚੀਨ ਅਤੇ ਵੇਨੇਜ਼ੁਏਲਾ ਵਿਚਕਾਰ ਪਿਛਲੇ ਦੋ ਦਹਾਕਿਆਂ ਤੋਂ ਮਜ਼ਬੂਤ ਰਣਨੀਤਕ ਸਾਂਝ ਰਹੀ ਹੈ, ਜੋ ਸਾਬਕਾ ਰਾਸ਼ਟਰਪਤੀ ਹਿਊਗੋ ਚਾਵੇਜ਼ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਇਸ ਸਾਂਝ ਦੀ ਨੀਂਹ ਰਾਜਨੀਤਿਕ ਸਹਿਮਤੀ, ਊਰਜਾ ਸਹਿਯੋਗ ਅਤੇ ਲਾਤੀਨੀ ਅਮਰੀਕਾ ਵਿੱਚ ਅਮਰੀਕੀ ਪ੍ਰਭਾਵ ਦੇ ਵਿਰੋਧ ’ਤੇ ਟਿਕੀ ਹੋਈ ਹੈ।
ਅਮਰੀਕੀ ਪਾਬੰਦੀਆਂ ਦੇ ਬਾਵਜੂਦ, ਚੀਨ ਵੇਨੇਜ਼ੁਏਲਾ ਦਾ ਵੱਡਾ ਤੇਲ ਖਰੀਦਦਾਰ ਹੈ ਅਤੇ ਉਸਨੇ ਅਰਬਾਂ ਡਾਲਰ ਦੇ ਤੇਲ-ਆਧਾਰਿਤ ਕਰਜ਼ਿਆਂ ਰਾਹੀਂ ਵੱਡੇ ਨਿਵੇਸ਼ ਕੀਤੇ ਹਨ। ਮਾਦੁਰੋ ਸਰਕਾਰ ਦਾ ਪਤਨ ਚੀਨ ਲਈ ਖੇਤਰ ਵਿੱਚ ਇੱਕ ਵੱਡਾ ਰਣਨੀਤਕ ਝਟਕਾ ਮੰਨਿਆ ਜਾ ਰਿਹਾ ਹੈ।