ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਹੋਈ ਫ਼ੋਨ ਗੱਲਬਾਤ ਦੌਰਾਨ ਜਾਪਾਨ ਦੀ ਪ੍ਰਧਾਨ ਮੰਤਰੀ ਸਾਨਾਏ ਤਕਾਇਚੀ ਨੂੰ ਅਮਰੀਕਾ ਦੌਰੇ ਦਾ ਨਿਯੋਤਾ ਦਿੱਤਾ ਹੈ। ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵੇਂ ਨੇਤਾ ਬਸੰਤ ਰੁੱਤ ਵਿੱਚ ਹੋਣ ਵਾਲੇ ਦੌਰੇ ਦੀ ਤਿਆਰੀ ਲਈ ਸਹਿਮਤ ਹੋ ਗਏ ਹਨ।
ਵਿਦੇਸ਼ ਮੰਤਰਾਲੇ ਮੁਤਾਬਕ, ਇਹ ਦੌਰਾ ਅਕਤੂਬਰ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਤਕਾਇਚੀ ਦਾ ਪਹਿਲਾ ਅਮਰੀਕੀ ਦੌਰਾ ਹੋਵੇਗਾ। ਕਿਓਡੋ ਨਿਊਜ਼ ਨੇ ਰਿਪੋਰਟ ਕੀਤਾ ਹੈ ਕਿ ਜਾਪਾਨੀ ਅਧਿਕਾਰੀਆਂ ਨੇ ਮਾਰਚ ਦੇ ਅਖੀਰਲੇ ਹਫ਼ਤੇ ਦੀ ਪੇਸ਼ਕਸ਼ ਕੀਤੀ ਹੈ, ਜਿਸਦੀ ਟਾਈਮਿੰਗ ਵਾਸ਼ਿੰਗਟਨ ਵਿੱਚ ਹੋਣ ਵਾਲੇ ਸਾਲਾਨਾ ਚੈਰੀ ਬਲਾਸਮ ਫੈਸਟੀਵਲ ਨਾਲ ਮਿਲ ਸਕਦੀ ਹੈ।
ਕਿਓਡੋ ਨਿਊਜ਼ ਅਨੁਸਾਰ, ਦੋਵੇਂ ਨੇਤਾਵਾਂ ਵਿਚਕਾਰ ਲਗਭਗ 25 ਮਿੰਟ ਤੱਕ ਗੱਲਬਾਤ ਹੋਈ, ਜਿਸਦਾ ਮੁੱਖ ਕੇਂਦਰ ਇੰਡੋ-ਪੈਸਿਫਿਕ ਖੇਤਰ ਦੀ ਮੌਜੂਦਾ ਸਥਿਤੀ ਰਹੀ। ਤਕਾਇਚੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਅਤੇ ਰਾਸ਼ਟਰਪਤੀ ਟਰੰਪ ਨੇ ਜਾਪਾਨ-ਅਮਰੀਕਾ ਗਠਜੋੜ ਦੀ ਮਜ਼ਬੂਤੀ ਦੀ ਪੁਸ਼ਟੀ ਕੀਤੀ ਅਤੇ ਇੱਕ ਆਜ਼ਾਦ ਅਤੇ ਖੁੱਲ੍ਹੇ ਇੰਡੋ-ਪੈਸਿਫਿਕ ਨੂੰ ਅੱਗੇ ਵਧਾਉਣ ‘ਤੇ ਸਹਿਮਤੀ ਜਤਾਈ।
ਦੋਵੇਂ ਨੇਤਾ ਜਾਪਾਨ-ਅਮਰੀਕਾ-ਦੱਖਣੀ ਕੋਰੀਆ ਭਾਈਚਾਰੇ ਸਮੇਤ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਵਿਚਕਾਰ ਸਹਿਯੋਗ ਵਧਾਉਣ ‘ਤੇ ਵੀ ਸਹਿਮਤ ਹੋਏ। ਹਾਲਾਂਕਿ, ਐਸੋਸੀਏਟਿਡ ਪ੍ਰੈਸ (AP) ਮੁਤਾਬਕ ਵਾਈਟ ਹਾਊਸ ਵੱਲੋਂ ਅਜੇ ਤੱਕ ਇਸ ਫ਼ੋਨ ਕਾਲ ਜਾਂ ਨਿਯੋਤੇ ਦੀ ਸਰਕਾਰੀ ਪੁਸ਼ਟੀ ਨਹੀਂ ਕੀਤੀ ਗਈ।
ਕਿਓਡੋ ਨਿਊਜ਼ ਦੇ ਹਵਾਲੇ ਨਾਲ ਤਕਾਇਚੀ ਨੇ ਕਿਹਾ,
“ਨਵੇਂ ਸਾਲ ਦੀ ਸ਼ੁਰੂਆਤ ‘ਤੇ ਰਾਸ਼ਟਰਪਤੀ ਟਰੰਪ ਨਾਲ ਸਿੱਧੀ ਗੱਲਬਾਤ ਕਰਨਾ ਅਤੇ ਜਾਪਾਨ-ਅਮਰੀਕਾ ਗਠਜੋੜ ਦੀ ਮਜ਼ਬੂਤ ਸਾਂਝ ਦੀ ਪੁਸ਼ਟੀ ਕਰਨਾ ਬਹੁਤ ਮਹੱਤਵਪੂਰਨ ਹੈ।”
ਜਾਪਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਦੋਵੇਂ ਨੇਤਾ ਜਾਪਾਨ-ਅਮਰੀਕਾ ਸੰਬੰਧਾਂ ਦੇ ਇਤਿਹਾਸ ਵਿੱਚ “ਇੱਕ ਨਵਾਂ ਅਧਿਆਇ ਰਚਣ” ਲਈ ਮਿਲ ਕੇ ਕੰਮ ਕਰਨ ‘ਤੇ ਸਹਿਮਤ ਹੋਏ ਹਨ।