ਸਵਿਟਜ਼ਰਲੈਂਡ ਦੇ ਮਸ਼ਹੂਰ ਸਕੀ ਰਿਜ਼ੋਰਟ ਸ਼ਹਿਰ ਕ੍ਰਾਂਸ-ਮੋਂਟਾਨਾ ਵਿੱਚ ਨਿਊ ਯੀਅਰ ਸਮਾਗਮ ਦੌਰਾਨ ਇੱਕ ਬਾਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਦਰਜਨਾਂ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਇਹ ਅੱਗ “ਲੇ ਕਾਂਸਟੈਲੇਸ਼ਨ” ਨਾਂ ਦੇ ਬਾਰ ਵਿੱਚ ਸਵੇਰੇ ਲਗਭਗ 1:30 ਵਜੇ ਲੱਗੀ, ਜਿੱਥੇ ਉਸ ਸਮੇਂ 100 ਤੋਂ ਵੱਧ ਲੋਕ ਮੌਜੂਦ ਸਨ।
ਸਵਿਸ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਇਹ ਕੋਈ ਆਤੰਕੀ ਹਮਲਾ ਨਹੀਂ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ “ਕਈ ਦਰਜਨ” ਲੋਕਾਂ ਦੀ ਮੌਤ ਹੋਈ ਹੈ, ਜਦਕਿ ਇਟਲੀ ਦੇ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਸਵਿਸ ਪੁਲਿਸ ਅਨੁਸਾਰ ਲਗਭਗ 40 ਲੋਕਾਂ ਦੀ ਮੌਤ ਅਤੇ 100 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।
ਜ਼ਿਆਦਾਤਰ ਪੀੜਤ ਸੈਲਾਨੀ ਦੱਸੇ ਜਾ ਰਹੇ ਹਨ ਜੋ ਛੁੱਟੀਆਂ ਮਨਾਉਣ ਆਏ ਹੋਏ ਸਨ। ਮੌਕੇ ’ਤੇ ਐਮਰਜੈਂਸੀ ਸੇਵਾਵਾਂ, ਫਾਇਰ ਬ੍ਰਿਗੇਡ ਅਤੇ ਹੈਲੀਕਾਪਟਰ ਤਾਇਨਾਤ ਕੀਤੇ ਗਏ ਹਨ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਨੋ-ਫਲਾਈ ਜ਼ੋਨ ਲਾਗੂ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਲਈ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ।
ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਜਾਰੀ ਹੈ। ਸਥਾਨਕ ਮੀਡੀਆ ਮੁਤਾਬਕ ਸਮਾਗਮ ਦੌਰਾਨ ਵਰਤੀ ਗਈ ਪਾਇਰੋਟੈਕਨਿਕਸ ਕਾਰਨ ਅੱਗ ਲੱਗਣ ਦੀ ਸੰਭਾਵਨਾ ਹੈ, ਹਾਲਾਂਕਿ ਪੁਲਿਸ ਨੇ ਇਸ ਬਾਰੇ ਪੁਸ਼ਟੀ ਨਹੀਂ ਕੀਤੀ।