ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੇ ਪੁੱਤਰ ਰੇਹਾਨ ਵਾਡਰਾ ਨੇ ਆਪਣੀ ਲੰਬੇ ਸਮੇਂ ਤੋਂ ਦੋਸਤ ਰਹੀ ਅਵੀਵਾ ਬੇਗ ਨਾਲ ਸਗਾਈ ਕਰ ਲਈ ਹੈ। ਇਹ ਸਮਾਰੋਹ ਦੋਵਾਂ ਪਰਿਵਾਰਾਂ ਵੱਲੋਂ ਬਹੁਤ ਹੀ ਨਿੱਜੀ ਰੱਖਿਆ ਗਿਆ ਸੀ, ਜਿਸ ਵਿੱਚ ਸਿਰਫ਼ ਨਜ਼ਦੀਕੀ ਰਿਸ਼ਤੇਦਾਰ ਅਤੇ ਚੁਣੇ ਹੋਏ ਮਿੱਤਰ ਹੀ ਸ਼ਾਮਲ ਹੋਏ।
ਅਵੀਵਾ ਬੇਗ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਰੇਹਾਨ ਵਾਡਰਾ ਦੀ ਤਰ੍ਹਾਂ ਹੀ ਫੋਟੋਗ੍ਰਾਫੀ ਨਾਲ ਜੁੜੀ ਹੋਈ ਹੈ। ਦੋਹਾਂ ਦੀ ਮੁਲਾਕਾਤ ਵੀ ਫੋਟੋਗ੍ਰਾਫੀ ਦੇ ਸਾਂਝੇ ਸ਼ੌਕ ਦੌਰਾਨ ਹੋਈ ਸੀ, ਜੋ ਸਮੇਂ ਦੇ ਨਾਲ ਗਹਿਰੇ ਰਿਸ਼ਤੇ ਵਿੱਚ ਬਦਲ ਗਈ।
ਪਰਿਵਾਰਕ ਸੂਤਰਾਂ ਨੇ ਸਗਾਈ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਰੇਹਾਨ ਅਤੇ ਅਵੀਵਾ ਪਿਛਲੇ ਸੱਤ ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਹਾਲ ਹੀ ਵਿੱਚ ਰੇਹਾਨ ਨੇ ਅਵੀਵਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ, ਜਿਸਨੂੰ ਅਵੀਵਾ ਨੇ ਖੁਸ਼ੀ ਨਾਲ ਮਨਜ਼ੂਰ ਕਰ ਲਿਆ। ਦੋਹਾਂ ਪਰਿਵਾਰਾਂ ਨੇ ਵੀ ਇਸ ਰਿਸ਼ਤੇ ਨੂੰ ਆਪਣੀ ਸਹਿਮਤੀ ਦਿੱਤੀ ਹੈ।
ਸੂਤਰਾਂ ਮੁਤਾਬਕ, ਵਿਆਹ ਦੀ ਤਾਰੀਖ ਦੋਹਾਂ ਪਰਿਵਾਰ ਮਿਲ ਕੇ ਤੈਅ ਕਰਨਗੇ ਅਤੇ ਸਮਾਰੋਹ ਕੁਝ ਮਹੀਨਿਆਂ ਬਾਅਦ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਗਾਈ ਦਾ ਸਮਾਰੋਹ ਰਣਥੰਭੋਰ ਵਿੱਚ ਆਯੋਜਿਤ ਕੀਤਾ ਗਿਆ।
ਗੌਰਤਲਬ ਹੈ ਕਿ ਪ੍ਰਿਯੰਕਾ ਗਾਂਧੀ ਵਰਤਮਾਨ ਵਿੱਚ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਹਨ। ਉਹ ਆਪਣੇ ਭਰਾ ਰਾਹੁਲ ਗਾਂਧੀ ਵੱਲੋਂ ਸੀਟ ਛੱਡੇ ਜਾਣ ਤੋਂ ਬਾਅਦ ਉਪਚੋਣ ਜਿੱਤ ਕੇ ਸੰਸਦ ਪਹੁੰਚੀਆਂ ਸਨ, ਜਦਕਿ ਉਨ੍ਹਾਂ ਦੇ ਪਤੀ ਰੋਬਰਟ ਵਾਡਰਾ ਇੱਕ ਉદ્યોગਪਤੀ ਹਨ।
ਅਵੀਵਾ ਬੇਗ ਦੇ ਪਰਿਵਾਰ ਬਾਰੇ ਜਾਣਕਾਰੀ ਦੇਂਦਿਆਂ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਇਮਰਾਨ ਬੇਗ ਇੱਕ ਕਾਰੋਬਾਰੀ ਹਨ ਅਤੇ ਮਾਤਾ ਨੰਦਿਤਾ ਬੇਗ ਪ੍ਰਸਿੱਧ ਇੰਟੀਰੀਅਰ ਡਿਜ਼ਾਈਨਰ ਹਨ। ਨੰਦਿਤਾ ਬੇਗ ਅਤੇ ਪ੍ਰਿਯੰਕਾ ਗਾਂਧੀ ਦੀ ਦੋਸਤੀ ਕਾਫ਼ੀ ਪੁਰਾਣੀ ਹੈ ਅਤੇ ਕਾਂਗਰਸ ਦੇ ਮੁੱਖ ਦਫ਼ਤਰ ਇੰਦਿਰਾ ਭਵਨ ਦੀ ਅੰਦਰੂਨੀ ਸਜਾਵਟ ਵਿੱਚ ਵੀ ਨੰਦਿਤਾ ਬੇਗ ਨੇ ਅਹਿਮ ਭੂਮਿਕਾ ਨਿਭਾਈ ਸੀ।