ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇੱਕ ਫ਼ੈਸਲੇ ਨੇ ਕਾਨੂੰਨੀ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾ ਛੇੜ ਦਿੱਤੀ ਹੈ। ਅਦਾਲਤ ਨੇ ਸਾਢੇ ਪੰਜ ਸਾਲ ਦੀ ਬੱਚੀ ਨਾਲ ਜ਼ਬਰਜਨਾਹ ਅਤੇ ਉਸ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਨੂੰ ਦਿੱਤੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ, ਜਦਕਿ ਦੋਸ਼ੀ ਦੀ ਮਾਂ ਨੂੰ ਸਾਰੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਹੈ।
ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਸੁਖਵਿੰਦਰ ਕੌਰ ਦੀ ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ “ਆਪਣੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼” ਨੂੰ ਅਪਰਾਧ ਮੰਨਣ ਲਈ ਭਾਰਤੀ ਦੰਡ ਸਹਿਤਾ ਵਿੱਚ ਕੋਈ ਵੱਖਰੀ ਧਾਰਾ ਮੌਜੂਦ ਨਹੀਂ ਹੈ। ਅਦਾਲਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਤਲ ਕਿਸੇ ਪਹਿਲਾਂ ਤੋਂ ਬਣਾਈ ਗਈ ਯੋਜਨਾ ਅਧੀਨ ਨਹੀਂ, ਸਗੋਂ ਜੁਰਮ ਦੇ ਸਬੂਤ ਮਿਟਾਉਣ ਦੇ ਡਰ ਕਾਰਨ ਕੀਤਾ ਗਿਆ ਸੀ।
ਹਾਈਕੋਰਟ ਨੇ ਦੋਸ਼ੀ ਨੂੰ ਬਿਨਾਂ ਕਿਸੇ ਛੂਟ ਦੇ ਘੱਟੋ-ਘੱਟ 30 ਸਾਲ ਕੈਦ ਕੱਟਣ ਦੇ ਹੁਕਮਾਂ ਸਮੇਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਜੁਰਮਾਨੇ ਦੀ ਰਕਮ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਗਈ ਹੈ।
ਅਦਾਲਤ ਨੇ ਆਪਣੇ ਟਿੱਪਣੀ ਵਿੱਚ ਕਿਹਾ ਕਿ ਸਮਾਜ ਵਿੱਚ, ਖ਼ਾਸ ਕਰਕੇ ਮਾਵਾਂ ਅਕਸਰ ਆਪਣੇ “ਲਾਡਲੇ ਪੁੱਤਰਾਂ” ਨਾਲ ਇਸ ਹੱਦ ਤੱਕ ਅੰਨੀ ਮੋਹ ਵਿੱਚ ਫਸ ਜਾਂਦੀਆਂ ਹਨ ਕਿ ਉਹ ਗੰਭੀਰ ਅਪਰਾਧ ਕਰਨ ਦੇ ਬਾਵਜੂਦ ਵੀ ਉਨ੍ਹਾਂ ਨੂੰ ‘ਰਾਜਾ ਬੇਟਾ’ ਹੀ ਸਮਝਦੀਆਂ ਰਹਿੰਦੀਆਂ ਹਨ। ਬੈਂਚ ਨੇ ਕਿਹਾ ਕਿ ਬੱਚੀ ਨਾਲ ਹੋਈ ਦਰਿੰਦਗੀ ਅਤੇ ਹੱਤਿਆ ਬਾਰੇ ਜਾਣਨ ਦੇ ਬਾਵਜੂਦ, ਮਾਂ ਨੇ ਪੁਲਿਸ ਨੂੰ ਸੂਚਿਤ ਕਰਨ ਦੀ ਥਾਂ ਆਪਣੇ ਪੁੱਤਰ ਨੂੰ ਬਚਾਉਣ ਨੂੰ ਤਰਜੀਹ ਦਿੱਤੀ।
ਹਾਲਾਂਕਿ ਅਦਾਲਤ ਨੇ ਇਹ ਵੀ ਕਿਹਾ ਕਿ ਭਾਵੇਂ ਇਹ ਸੋਚ ਡਰਾਉਣੀ ਹੈ, ਪਰ ਇਹ ਕੋਈ ਨਵੀਂ ਗੱਲ ਨਹੀਂ ਹੈ ਅਤੇ ਸਮਾਜ ਦੀ ਪਿਤ੍ਰਸੱਤਾਤਮਕ ਮਨੋਵਿਰਤੀ ਵਿੱਚ ਗਹਿਰਾਈ ਨਾਲ ਰਚੀ ਹੋਈ ਹੈ। ਇਸ ਕਾਰਨ ਮਾਂ ਨੂੰ ਸਾਜ਼ਿਸ਼ ਜਾਂ ਸਬੂਤ ਨਸ਼ਟ ਕਰਨ ਦੇ ਦੋਸ਼ਾਂ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।
ਗੌਰਤਲਬ ਹੈ ਕਿ 2020 ਵਿੱਚ ਟ੍ਰਾਇਲ ਕੋਰਟ ਨੇ ਇਸ ਮਾਮਲੇ ਵਿੱਚ ਵੀਰੇਂਦਰ ਉਰਫ਼ ਭੋਲੂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਅਤੇ ਉਸ ਦੀ ਮਾਂ ਕਮਲਾ ਦੇਵੀ ਨੂੰ 2018 ਦੇ ਇਸ ਮਾਮਲੇ ਵਿੱਚ ਸਾਜ਼ਿਸ਼ ਅਤੇ ਸਬੂਤ ਮਿਟਾਉਣ ਲਈ ਕਠੋਰ ਕੈਦ ਦੀ ਸਜ਼ਾ ਦਿੱਤੀ ਗਈ ਸੀ। ਪਰ ਹਾਈਕੋਰਟ ਨੇ ਕਿਹਾ ਕਿ ਕਮਲਾ ਦੇਵੀ ਖ਼ਿਲਾਫ਼ ਅਜਿਹਾ ਕੋਈ ਕਾਨੂੰਨੀ ਤੌਰ ‘ਤੇ ਮੰਨਣਯੋਗ ਸਬੂਤ ਨਹੀਂ ਹੈ, ਜਿਸ ਦੇ ਆਧਾਰ ‘ਤੇ ਉਸਨੂੰ ਦੋਸ਼ੀ ਠਹਿਰਾਇਆ ਜਾ ਸਕੇ।