ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੀ ਦੇਰ ਸ਼ਾਮ ਮੈਮਨਸਿੰਘ ਜ਼ਿਲ੍ਹੇ ਵਿੱਚ ਇੱਕ ਹੋਰ ਨੌਜਵਾਨ ਹਿੰਦੂ ਵਿਅਕਤੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਇਹ ਓਹੀ ਇਲਾਕਾ ਹੈ ਜਿੱਥੇ ਕੁਝ ਦਿਨ ਪਹਿਲਾਂ ਈਸ਼ਨਿੰਦਾ ਦੇ ਦੋਸ਼ ਹੇਠ ਦੀਪੂ ਚੰਦਰ ਡੇਅ ਨੂੰ ਭੀੜ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।
ਤਾਜ਼ਾ ਵਾਕਏ ਵਿੱਚ ਨੌਜਵਾਨ ਨੂੰ ਦਿਨ-ਦਿਹਾੜੇ ਗੋਲੀ ਮਾਰੀ ਗਈ ਅਤੇ ਬਾਅਦ ਵਿੱਚ ਉਸਦੀ ਲਾਸ਼ ਨੂੰ ਦਰੱਖਤ ਨਾਲ ਟੰਗ ਕੇ ਅੱਗ ਲਗਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦੋ ਹਫ਼ਤਿਆਂ ਵਿੱਚ ਇਹ ਤੀਜੀ ਕਤਲ ਦੀ ਘਟਨਾ ਹੈ, ਜਿਸ ਨਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਦੀ ਪਛਾਣ 42 ਸਾਲਾ ਬਜੇਂਦਰ ਬਿਸਵਾਸ ਵਜੋਂ ਹੋਈ ਹੈ, ਜੋ ਬੰਗਲਾਦੇਸ਼ ਦੇ ਪੇਂਡੂ ਅਰਧ ਸੈਨਿਕ ਬਲ ਨਾਲ ਸਬੰਧਤ ਸੀ। ਘਟਨਾ ਸਮੇਂ ਉਹ ਮੈਮਨਸਿੰਘ ਜ਼ਿਲ੍ਹੇ ਦੇ ਭਾਲੂਕਾ ਉਪਜਿਲਾ ਖੇਤਰ ਵਿੱਚ ਸਥਿਤ ਲਬੀਬ ਗਰੁੱਪ ਦੀ ਕੱਪੜਾ ਫੈਕਟਰੀ ‘ਸੁਲਤਾਨਾ ਸਵੈਟਰਸ ਲਿਮਟਿਡ’ ਵਿੱਚ ਸੁਰੱਖਿਆ ਗਾਰਡ ਵਜੋਂ ਡਿਊਟੀ ਕਰ ਰਿਹਾ ਸੀ।
ਸੋਮਵਾਰ ਸ਼ਾਮ ਕਰੀਬ 6:45 ਵਜੇ ਉਸਦੇ ਸਾਥੀ ਨੋਮਾਨ ਮੀਆਂ ਨੇ ਕਥਿਤ ਤੌਰ ‘ਤੇ ਸਰਕਾਰੀ ਬੰਦੂਕ ਨਾਲ ਉਸ ‘ਤੇ ਗੋਲੀ ਚਲਾ ਦਿੱਤੀ। ਗੋਲੀ ਬਜੇਂਦਰ ਬਿਸਵਾਸ ਦੇ ਖੱਬੇ ਪੱਟ ਵਿੱਚ ਵੱਜੀ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਪੁਲਿਸ ਨੇ ਦੋਸ਼ੀ 29 ਸਾਲਾ ਨੋਮਾਨ ਮੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਸੁਨਾਮਗੰਜ ਜ਼ਿਲ੍ਹੇ ਦੇ ਤਾਹਿਰਪੁਰ ਥਾਣਾ ਖੇਤਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਦੋਵੇਂ ਵਿਅਕਤੀ ਫੈਕਟਰੀ ਅਹਾਤੇ ਅੰਦਰ ਅੰਸਾਰ ਬੈਰਕਾਂ ਵਿੱਚ ਰਹਿੰਦੇ ਸਨ। ਮਾਮਲੇ ਦੀ ਜਾਂਚ ਜਾਰੀ ਹੈ।