ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਡਿਜ਼ੀਟਲ ਅਰੇਸਟ ਅਤੇ ਸਾਈਬਰ ਧੋਖਾਧੜੀ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਰੂਮੀ ਕਲਿਤਾ ਨੂੰ 23 ਦਸੰਬਰ ਨੂੰ ਪੀਐਮਐਲਏ ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰੀ ਤੋਂ ਬਾਅਦ ਕਾਮਰੂਪ (ਗੁਵਾਹਾਟੀ) ਦੀ ਮੁੱਖ ਨਿਆਇਕ ਮੈਜਿਸਟ੍ਰੇਟ ਅਦਾਲਤ ਨੇ ਉਸ ਦੀ ਚਾਰ ਦਿਨਾਂ ਦੀ ਟ੍ਰਾਂਜ਼ਿਟ ਰਿਮਾਂਡ ਮਨਜ਼ੂਰ ਕੀਤੀ।
ਇਸ ਤੋਂ ਬਾਅਦ ਰੂਮੀ ਕਲਿਤਾ ਨੂੰ ਜਲੰਧਰ ਦੀ ਵਿਸ਼ੇਸ਼ ਪੀਐਮਐਲਏ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਈਡੀ ਨੂੰ 2 ਜਨਵਰੀ ਤੱਕ 10 ਦਿਨਾਂ ਦੀ ਕਸਟਡੀ ਦੇ ਦਿੱਤੀ।
ਈਡੀ ਵੱਲੋਂ ਇਸ ਮਾਮਲੇ ਵਿੱਚ 31 ਜਨਵਰੀ 2025 ਨੂੰ ਵੀ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਕਈ ਅਹਿਮ ਅਤੇ ਦੋਸ਼ ਸਾਬਤ ਕਰਨ ਵਾਲੇ ਦਸਤਾਵੇਜ਼ ਜ਼ਬਤ ਕੀਤੇ ਗਏ।
ਈਡੀ ਨੇ ਇਹ ਜਾਂਚ ਲੁਧਿਆਣਾ ਦੀ ਸਾਈਬਰ ਕਰਾਈਮ ਪੁਲਿਸ ਸਟੇਸ਼ਨ ਵੱਲੋਂ ਦਰਜ ਐਫਆਈਆਰ ਦੇ ਆਧਾਰ ’ਤੇ ਸ਼ੁਰੂ ਕੀਤੀ ਸੀ, ਜੋ ਕਿ ਬੀਐਨਐਸਐਸ 2023 ਦੀਆਂ ਵੱਖ-ਵੱਖ ਧਾਰਾਵਾਂ ਹੇਠ ਦਰਜ ਕੀਤੀ ਗਈ ਸੀ। ਬਾਅਦ ਵਿੱਚ ਇਸੇ ਗਿਰੋਹ ਨਾਲ ਜੁੜੇ ਸਾਈਬਰ ਧੋਖਾਧੜੀ ਅਤੇ ਡਿਜ਼ੀਟਲ ਅਰੇਸਟ ਮਾਮਲਿਆਂ ਵਿੱਚ ਦਰਜ ਹੋਈਆਂ ਹੋਰ ਨੌਂ ਐਫਆਈਆਰਾਂ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਓਸਵਾਲ ਦੀ ਡਿਜ਼ੀਟਲ ਅਰੇਸਟ ਦੌਰਾਨ ਧੋਖੇਬਾਜ਼ਾਂ ਨੇ ਆਪਣੇ ਆਪ ਨੂੰ ਸੀਬੀਆਈ ਅਧਿਕਾਰੀ ਦੱਸ ਕੇ ਅਤੇ ਨਕਲੀ ਸਰਕਾਰੀ ਤੇ ਨਿਆਂਕ ਦਸਤਾਵੇਜ਼ ਵਰਤ ਕੇ ਉਸ ਨੂੰ ਵੱਖ-ਵੱਖ ਖਾਤਿਆਂ ਵਿੱਚ 7 ਕਰੋੜ ਰੁਪਏ ਟਰਾਂਸਫਰ ਕਰਨ ਲਈ ਮਜਬੂਰ ਕੀਤਾ। ਇਸ ਰਕਮ ਵਿੱਚੋਂ 5.24 ਕਰੋੜ ਰੁਪਏ ਬਰਾਮਦ ਕਰਕੇ ਵਾਪਸ ਪੀੜਤ ਦੇ ਖਾਤੇ ਵਿੱਚ ਭੇਜੇ ਜਾ ਚੁੱਕੇ ਹਨ।
ਬਾਕੀ ਰਕਮ ਕਈ ਮਿਊਲ ਖਾਤਿਆਂ ਵਿੱਚ ਭੇਜੀ ਗਈ, ਜੋ ਮਜ਼ਦੂਰਾਂ ਅਤੇ ਡਿਲਿਵਰੀ ਬੋਇਜ਼ ਦੇ ਨਾਮ ’ਤੇ ਖੋਲ੍ਹੇ ਗਏ ਸਨ। ਇਹ ਰਕਮ ਜਾਂ ਤਾਂ ਅੱਗੇ ਟਰਾਂਸਫਰ ਕਰ ਦਿੱਤੀ ਗਈ ਜਾਂ ਤੁਰੰਤ ਨਕਦ ਕੱਢ ਲਈ ਗਈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਠੱਗੀ ਦੀ ਰਕਮ ਨੂੰ ਵੱਖ-ਵੱਖ ਮਿਊਲ ਖਾਤਿਆਂ ਰਾਹੀਂ ਘੁਮਾਇਆ ਜਾਂਦਾ ਸੀ ਅਤੇ ਇਨ੍ਹਾਂ ਖਾਤਿਆਂ ਦੇ ਕ੍ਰੈਡੈਂਸ਼ਲ ਰੂਮੀ ਕਲਿਤਾ ਵੱਲੋਂ ਵਰਤੇ ਜਾਂਦੇ ਸਨ, ਜਿਸ ਦੇ ਬਦਲੇ ਉਸ ਨੂੰ ਠੱਗੀ ਦੀ ਰਕਮ ਵਿੱਚੋਂ ਨਿਰਧਾਰਤ ਪ੍ਰਤੀਸ਼ਤ ਹਿੱਸਾ ਮਿਲਦਾ ਸੀ।
ਛਾਪੇਮਾਰੀ ਦੌਰਾਨ ਮਿਲੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਰੂਮੀ ਕਲਿਤਾ ਅਪਰਾਧੀ ਰਕਮ ਦੀ ਲੇਅਰਿੰਗ ਅਤੇ ਡਾਇਵਰਸ਼ਨ ਵਿੱਚ ਗਹਿਰਾਈ ਨਾਲ ਸ਼ਾਮਲ ਸੀ। ਈਡੀ ਸੂਤਰਾਂ ਮੁਤਾਬਕ ਮਾਮਲੇ ਦੀ ਜਾਂਚ ਹਜੇ ਜਾਰੀ ਹੈ।