ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿੱਚ ਇੱਕ ਘਰ ਤੋਂ ਸ਼ੱਕੀ ਹਾਲਾਤਾਂ ਵਿੱਚ ਇੱਕ ਨੌਜਵਾਨ ਅਤੇ ਇੱਕ ਮੁਟਿਆਰ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਮੁਤਾਬਕ ਦੋਵੇਂ ਮ੍ਰਿਤਕ ਬਰਨਾਲਾ ਤੋਂ ਬਾਹਰ ਦੇ ਰਹਿਣ ਵਾਲੇ ਸਨ ਅਤੇ ਕੁਝ ਦਿਨ ਪਹਿਲਾਂ ਇੱਕ ਐਨਆਰਆਈ ਦੇ ਖਾਲੀ ਘਰ ਵਿੱਚ ਰਹਿਣ ਆਏ ਸਨ।
ਮ੍ਰਿਤਕ ਨੌਜਵਾਨ ਦੀ ਪਛਾਣ ਪਰਮਿੰਦਰ ਸਿੰਘ (ਕਾਂਉਕੇ) ਵਜੋਂ ਹੋਈ ਹੈ, ਜੋ ਮਾਛੀਵਾੜਾ, ਲੁਧਿਆਣਾ ਦਾ ਵਸਨੀਕ ਸੀ। ਜਦਕਿ ਮੁਟਿਆਰ ਦੀ ਪਛਾਣ ਬਲਜੀਤ ਕੌਰ (ਅਲੀਗੜ੍ਹ), ਲੁਧਿਆਣਾ ਵਜੋਂ ਕੀਤੀ ਗਈ ਹੈ। ਪਰਮਿੰਦਰ ਸਿੰਘ ਦੀ ਉਮਰ ਕਰੀਬ 40 ਸਾਲ ਅਤੇ ਬਲਜੀਤ ਕੌਰ ਦੀ ਉਮਰ ਲਗਭਗ 30 ਸਾਲ ਦੱਸੀ ਜਾ ਰਹੀ ਹੈ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਟੱਲੇਵਾਲ ਪੁਲਿਸ ਸਟੇਸ਼ਨ ਦੇ ਐਸਐਚਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਦੋਵਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਰਨਾਲਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਬਾਰੇ ਸਪੱਸ਼ਟ ਤਸਵੀਰ ਸਾਹਮਣੇ ਆ ਸਕੇਗੀ।